“ਸਿੱਖ ਕੌਮ ਦੇ ਮਹਾਨ ਅਸਥਾਂਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਇਨਸਾਨੀਅਤ ਪੱਖੀ ਸੋਚ ਅਤੇ ਕਦਰਾਂ-ਕੀਮਤਾਂ ਦਾ ਉਹ ਧੂਰਾ ਹੈ ਜਿਥੇ ਕਿਸੇ ਵੀ ਕੌਮ, ਵਰਗ, ਕਬੀਲੇ, ਧਰਮ ਆਦਿ ਨਾਲ ਸੰਬੰਧਤ ਕੋਈ ਵੀ ਨਿਵਾਸੀ ਕਿਸੇ ਵੀ ਸਮੇਂ ਸਰਧਾਪੂਰਵਕ ਜਾ ਕੇ ਦਰਸ਼ਨ ਵੀ ਕਰ ਸਕਦਾ ਹੈ, ਅਰਦਾਸ ਕਰਕੇ ਆਪਣੀਆ ਮਨੋਕਾਮਨਾਵਾ ਅਤੇ ਇਛਾਵਾ ਦੀ ਪੂਰਤੀ ਵੀ ਕਰਦਾ ਸਕਦਾ ਹੈ ਅਤੇ ਆਤਮਿਕ ਆਨੰਦ ਵੀ ਪ੍ਰਾਪਤ ਕਰ ਸਕਦਾ ਹੈ । ਇਹੀ ਵਜਹ ਹੈ ਕਿ ਗੁਰੂ ਸਾਹਿਬਾਨ ਨੇ ਇਸ ਮਹਾਨ ਅਸਥਾਂਨ ਦੀ ਸਥਾਪਨਾ ਕਰਦੇ ਹੋਏ ਇਸ ਪਵਿੱਤਰ ਸਥਾਂਨ ਦੀ ਇਮਾਰਤ ਦੀ ਡਿਜਾਈਨਿੰਗ ਕਰਵਾਉਦੇ ਹੋਏ ਚਹੁ ਦਿਸਾਵਾ ਵੱਲ ਇਸਦੇ ਖੁੱਲ੍ਹੇ ਅਤੇ ਵੱਡੇ ਦਰਵਾਜੇ ਰੱਖੇ ਸਨ । ਜਿਸਦਾ ਉਪਰੋਕਤ ਭਾਵ ਅਰਥ ਅਮਲੀ ਰੂਪ ਵਿਚ ਆਉਣ ਵਾਲੇ ਹਰ ਵਰਗ ਦੇ ਸਰਧਾਲੂ ਨੂੰ ਨਜਰ ਆਵੇ ਅਤੇ ਉਨ੍ਹਾਂ ਬਿਨ੍ਹਾਂ ਕਿਸੇ ਭੇਦਭਾਵ ਦੇ ਇਸ ਸਥਾਂਨ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰ ਸਕੇ । ਪਰ ਦੁੱਖ ਅਤੇ ਅਫਸੋਸ ਹੈ ਅਜਿਹੇ ਮਨੁੱਖਤਾ ਤੇ ਇਨਸਾਨੀਅਤ ਦੇ ਦੁਨੀਆ ਦੇ ਵੱਡੇ ਕੇਦਰ ਵਿਖੇ ਬੀਤੇ ਹਫਤੇ ਵਿਚ ਇਕ ਤੋ ਬਾਅਦ ਦੂਜਾ ਬੰਬ ਵਿਸਫੋਟ ਕਰਕੇ ਸਭ ਵਰਗਾਂ ਦੇ ਦਰਸ਼ਨ ਕਰਨ ਆਉਣ ਵਾਲਿਆ ਸਰਧਾਲੂਆਂ ਦੇ ਮਨ ਵਿਚ ਡਰ-ਸਹਿਮ ਪੈਦਾ ਕਰਨ ਦੀ ਮੰਦਭਾਗੀ ਕੋਸਿ਼ਸ਼ ਕੀਤੀ ਗਈ ਹੈ । ਇਸ ਵਿਚ ਵੀ ਕੋਈ ਸ਼ੱਕ ਬਾਕੀ ਨਹੀ ਕਿ ਇਹ ਬੰਬ ਵਿਸਫੋਟ ਕਰਨ ਦਾ ਕਾਰਾ ਪੰਥ ਵਿਰੋਧੀ ਸ਼ਕਤੀਆਂ ਅਤੇ ਖ਼ਾਲਸਾ ਪੰਥ ਦੀ ਸੰਸਾਰ ਪੱਧਰ ਤੇ ਉਨ੍ਹਾਂ ਦੇ ਮਨੁੱਖਤਾ ਪੱਖੀ ਉਦਮਾਂ ਦੀ ਬਦੌਲਤ ਹੋ ਰਹੀ ਚੜ੍ਹਦੀ ਕਲਾਂ ਤੋ ਚਿੜਕੇ ਇਨ੍ਹਾਂ ਹਿੰਦੂਤਵ ਤਾਕਤਾਂ ਵੱਲੋ ਕੀਤੀ ਗਈ ਹੈ । ਜਿਸਦੀ ਪੰਜਾਬ ਸਰਕਾਰ ਤੇ ਸੈਟਰ ਸਰਕਾਰ ਨੂੰ ਨਿਰਪੱਖਤਾ ਨਾਲ ਸੀਮਤ ਸਮੇ ਵਿਚ ਜਾਂਚ ਕਰਵਾਉਦੇ ਹੋਏ ਦੋਸ਼ੀਆਂ ਦੀ ਪਹਿਚਾਣ ਕਰਨ ਅਤੇ ਸਖਤ ਸਜਾਵਾਂ ਦਿਵਾਉਣ ਦੀ ਜਿੰਮੇਵਾਰੀ ਨਿਭਾਉਣੀ ਬਣਦੀ ਹੈ । ਤਦ ਹੀ ਉਹ ਦੋਵੇ ਸਰਕਾਰਾਂ ਇਸ ਅਤਿ ਗੰਭੀਰ ਮਸਲੇ ਤੋ ਸਰੂਖਰ ਹੋ ਸਕਣਗੀਆ ਵਰਨਾ ਸਿੱਖ ਕੌਮ ਦੀ ਨਜਰ ਵਿਚ ਸਾਜਿਸਕਾਰਾਂ ਦੇ ਨਾਲ-ਨਾਲ ਇਹ ਵੀ ਦੋਸ਼ੀ ਹੋਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਹਫਤੇ ਵਿਚ ਇਕ ਤੋ ਬਾਅਦ ਦੂਜਾ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਵਿਚ ਦੋ ਵਾਰੀ ਹੋਏ ਬੰਬ ਵਿਸਫੋਟ ਦੇ ਸਾਜਸੀ ਦੁਖਾਂਤ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ, ਇਸ ਵਾਰਦਾਤ ਦੇ ਸਾਜਿਸਕਾਰਾਂ ਨੂੰ ਸਾਹਮਣੇ ਲਿਆਕੇ ਸਜਾਵਾਂ ਦੇਣ ਦੀ ਜੋਰਦਾਰ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਨੇ ਬਿਨ੍ਹਾਂ ਕਿਸੇ ਭੇਦਭਾਵ ਦੇ ਲੋੜਵੰਦਾਂ, ਮਜਲੂਮਾਂ, ਬੇਸਹਾਰਿਆ, ਯਤੀਮਾ, ਵਿਧਾਵਾਂ ਅਤੇ ਇਨਸਾਨੀਅਤ ਦੀ ਹਰ ਖੇਤਰ ਵਿਚ ਸੇਵਾ ਕਰਨ ਅਤੇ ਸਭਨਾਂ ਨੂੰ ਬਰਾਬਰਤਾ ਦੀ ਨਜ਼ਰ ਨਾਲ ਵੇਖਦੇ ਹੋਏ ਵਿਚਰਣ ਅਤੇ ਇਨਸਾਨੀ ਗੁਣਾਂ ਦਾ ਹਰ ਪਾਸੇ ਪ੍ਰਚਾਰ ਕਰਨ ਦੀ ਜਿਥੇ ਸਖਤ ਹਦਾਇਤ ਦਿੱਤੀ ਹੋਈ ਹੈ, ਉਥੇ ਆਪਣੀਆ ਕੌਮੀ ਤੇ ਧਰਮੀ ਮਰਿਯਾਦਾਵਾਂ ਵਿਚ ਰਹਿੰਦੇ ਹੋਏ ਸਾਦਗੀ ਭਰਿਆ ਜੀਵਨ ਬਤੀਤ ਕਰਨ ਅਤੇ ਆਪਣੀਆ ਨੇਕ ਕਮਾਈਆ ਵਿਚੋ ਮਹੀਨਾਵਾਰ ਦਸਵੰਧ ਕੱਢਕੇ ਮਨੁੱਖਤਾ ਲਈ ਅੱਛੇ ਕੰਮਾਂ ਵਿਚ ਲਗਾਉਣ ਦੀ ਅਗਵਾਈ ਵੀ ਦਿੱਤੀ ਹੈ । ਇਸ ਲਈ ਸਾਡਾ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਆਦਿ ਨਾਲ ਕੋਈ ਰਤੀਭਰ ਵੀ ਨਾ ਤਾਂ ਵੈਰ ਵਿਰੋਧ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਨਫਰਤ ਹੈ । ਅਸੀ ਸਹਿਜ ਨਾਲ ਅਤੇ ਮੁਹੱਬਤ ਨਾਲ ਜਿੰਦਗੀ ਜਿਊਂਣ ‘ਜੀਓ ਅਤੇ ਜਿਊਂਣ ਦਿਓ’ ਦੇ ਵੱਡੇ ਸਿਧਾਤ ਤੇ ਪਹਿਰਾ ਦਿੰਦੇ ਹੋਏ ਜੀਵਨ ਬਤੀਤ ਕਰ ਰਹੇ ਹਾਂ । ਲੇਕਿਨ ਇਸਦੇ ਬਾਵਜੂਦ ਵੀ ਕੁਝ ਮੁਤੱਸਵੀ ਸੋਚ ਵਾਲੀਆ ਤਾਕਤਾਂ ਅਤੇ ਹੁਕਮਰਾਨ ਸਾਡੇ ਇਨਸਾਨੀਅਤ ਪੱਖੀ ਗੁਣਾਂ ਦੀ ਬਦੌਲਤ ਸੰਸਾਰ ਪੱਧਰ ਤੇ ਵੱਧਦੀ ਹਰਮਨ ਪਿਆਰਤਾ ਅਤੇ ਸਤਿਕਾਰ ਨੂੰ ਬਰਦਾਸਤ ਨਾ ਕਰਦੇ ਹੋਏ ਅਜਿਹੀਆ ਸਾਜਿਸਾਂ ਨੂੰ ਅਮਲੀ ਰੂਪ ਦੇ ਕੇ ਸਮਾਜਿਕ ਮਾਹੌਲ ਨੂੰ ਵਿਸਫੋਟਕ ਬਣਾਉਣ ਅਤੇ ਸਿੱਖ ਕੌਮ ਦੇ ਅਕਸ ਨੂੰ ਧੁੰਦਲਾ ਕਰਨ ਵਿਚ ਮਸਰੂਫ ਹਨ । ਪਰ ਉਹ ਇਹ ਭੁੱਲ ਜਾਂਦੇ ਹਨ ਕਿ ਜਿਸ ਕੌਮ ਕੋਲ ਵੱਡਾ ਸਬਰ ਅਤੇ ਜ਼ਬਰ ਵਿਰੁੱਧ ਫਤਹਿ ਪ੍ਰਾਪਤ ਕਰਨ ਵਾਲਾ ਸੰਘਰਸ ਵਾਲੀ ਗੁਰੂ ਨੇ ਤਾਕਤ ਬਖਸੀ ਹੋਈ ਹੈ, ਉਸ ਕੌਮ ਅਤੇ ਉਸਦੇ ਵੱਡਮੁੱਲੇ ਸਿਧਾਤਾਂ ਤੇ ਸੋਚ ਨੂੰ ਕੋਈ ਵੀ ਵੱਡੀ ਤੋ ਵੱਡੀ ਤਾਕਤ ਨੁਕਸਾਨ ਨਹੀ ਕਰ ਸਕਦੀ । ਬਲਕਿ ‘ਜਬੈ ਬਾਣਿ ਲਾਗਿਓ, ਤਬੈ ਰੋਸ ਜਾਗਿਓ’ ਦੇ ਮਹਾਵਾਕ ਅਨੁਸਾਰ ਸਿੱਖ ਕੌਮ ਅਜਿਹੇ ਇਮਤਿਹਾਨਾਂ ਵਿਚੋ ਪਹਿਲੇ ਨਾਲੋ ਵੀ ਵੱਡੀ ਤਾਕਤ ਅਤੇ ਸੋਚ ਲੈਕੇ ਆਪਣੀ ਮੰਜਿਲ ਵੱਲ ਵੱਧਦੀ ਹੈ । ਇਸ ਲਈ ਕਿਸੇ ਵੀ ਅਜਿਹੀ ਮੰਦਭਾਵਨਾ ਭਰੀ ਤਾਕਤ ਜਾਂ ਸਾਜਿਸਕਾਰ ਨੂੰ ਸ੍ਰੀ ਦਰਬਾਰ ਸਾਹਿਬ ਜਾਂ ਸਾਡੇ ਸਿੱਖੀ ਦੇ ਧੂਰੇ ਗੁਰੂਘਰਾਂ ਸੰਬੰਧੀ ਅਜਿਹੀ ਮੰਦਭਾਵਨਾ ਰੱਖਕੇ ਅਜਿਹਾ ਕੋਈ ਵੀ ਅਮਲ ਨਹੀ ਕਰਨਾ ਚਾਹੀਦਾ ਜਿਸ ਨਾਲ ਇਨਸਾਨੀਅਤ ਕਦਰਾਂ-ਕੀਮਤਾਂ ਤੇ ਸਾਂਝੀਵਾਲਤਾ ਨੂੰ ਠੇਸ ਪਹੁੰਚੇ ਤੇ ਸਮਾਜ ਵਿਚ ਓਪੱਦਰ ਫੈਲੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਸ੍ਰੀ ਦਰਬਾਰ ਸਾਹਿਬ ਵਿਖੇ ਵਿਸਫੋਟ ਕਰਨ ਵਾਲੇ ਸਾਜਿਸਕਾਰਾਂ ਨੂੰ ਸਾਹਮਣੇ ਲਿਆਕੇ ਫੌਰੀ ਸਖਤ ਸਜਾਂ ਦੇਵੇਗੀ ਤੇ ਕੌਮ ਨੂੰ ਇਨਸਾਫ਼ ਦੇਵੇਗੀ।