ਦਿੱਲੀ ਵਿੱਚ ਟਰਾਂਸਫਰ-ਪੋਸਟਿੰਗ ਦੇ ਅਧਿਕਾਰ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਆਮ ਆਦਮੀ ਪਾਰਟੀ ਕਾਫੀ ਉਤਸ਼ਾਹਿਤ ਹੈ। ਇਸ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਲਦੀ ਹੀ ਪ੍ਰੈਸ ਕਾਨਫਰੰਸ ਕਰ ਰਹੇ ਹਨ। ਉਨ੍ਹਾਂ ਅੱਜ ਦੇ ਫੈਸਲੇ ਲਈ ਦਿੱਲੀ ਵਾਸੀਆਂ ਨੂੰ ਵਧਾਈ ਦਿੱਤੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ਤੋਂ ਦਿੱਲੀ ਸਰਕਾਰ ਬਿਨਾਂ ਅਧਿਕਾਰਾਂ ਦੇ ਕੰਮ ਕਰ ਰਹੀ ਸੀ ਪਰ ਹੁਣ ਜ਼ਿੰਮੇਵਾਰੀ ਦੇ ਨਾਲ-ਨਾਲ ਅਧਿਕਾਰ ਵੀ ਦਿੱਤੇ ਗਏ ਹਨ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਬਣਦੇ ਹੀ ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਤੋਂ ਹੁਕਮ ਪਾਸ ਕੀਤਾ ਕਿ ਦਿੱਲੀ ਵਿੱਚ ਕੰਮ ਕਰਦੇ ਸਾਰੇ ਅਧਿਕਾਰੀਆਂ ਦੇ ਤਬਾਦਲੇ ਅਤੇ ਨੌਕਰੀਆਂ ਨਾਲ ਸਬੰਧਤ ਸਾਰੇ ਫੈਸਲੇ ਦਿੱਲੀ ਸਰਕਾਰ ਕੋਲ ਨਹੀਂ ਰਹਿਣਗੇ। ਯਾਨੀ ਜੇਕਰ ਕੋਈ ਰਿਸ਼ਵਤ ਲੈ ਰਿਹਾ ਹੈ ਤਾਂ ਅਸੀਂ ਉਸ ਨੂੰ ਸਸਪੈਂਡ ਵੀ ਨਹੀਂ ਕਰ ਸਕਦੇ। ਇਸ ਹੁਕਮ ਦੀ ਵਰਤੋਂ ਕਰਕੇ ਦਿੱਲੀ ਵਿੱਚ ਕੰਮ ਜ਼ਬਰਦਸਤੀ ਬੰਦ ਕਰ ਦਿੱਤੇ ਗਏ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਸੁਪਰੀਮ ਕੋਰਟ ਦਾ ਜੋ ਹੁਕਮ ਆਇਆ ਹੈ, ਉਹ ਦਿੱਲੀ ਵਾਸੀਆਂ ਦੇ ਸਹਿਯੋਗ ਦਾ ਨਤੀਜਾ ਹੈ। ਹੁਣ ਸਾਨੂੰ ਦਿੱਲੀ ਦੇ ਲੋਕਾਂ ਨੂੰ ਜਵਾਬਦੇਹ ਪ੍ਰਸ਼ਾਸਨ ਦੇਣਾ ਹੋਵੇਗਾ। ਅਗਲੇ ਕੁਝ ਦਿਨਾਂ ‘ਚ ਦਿੱਲੀ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਹੋਵੇਗਾ। ਬਹੁਤ ਸਾਰੀਆਂ ਬਦਲੀਆਂ-ਪੋਸਟਿੰਗਾਂ ਹੋਣਗੀਆਂ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੁਝ ਦਿਨਾਂ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਜਾਵੇਗਾ। ਪਿਛਲੇ ਡੇਢ ਸਾਲ ‘ਚ ਕੁਝ ਅਜਿਹੇ ਅਧਿਕਾਰੀ ਹਨ, ਜਿਨ੍ਹਾਂ ਨੇ ਜਨਤਾ ਦੇ ਕੰਮ ਬੰਦ ਕਰਵਾਏ ਹਨ, ਅਜਿਹੇ ਮੁਲਾਜ਼ਮਾਂ ਦੀ ਸ਼ਨਾਖਤ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਆਪਣੇ ਕੀਤੇ ਦਾ ਫਲ ਭੁਗਤਣਾ ਪਵੇਗਾ। ਦੂਜੇ ਪਾਸੇ ਕੇਜਰੀਵਾਲ ਨੇ ਦਿੱਲੀ ਦੇ LG ਵਿਨੈ ਕੁਮਾਰ ਸਕਸੈਨਾ ਤੋਂ ਵੀ ਮੁਲਾਕਾਤ ਲਈ ਸਮਾਂ ਮੰਗਿਆ ਹੈ। CM ਕੇਜਰੀਵਾਲ ਸ਼ਾਮ 4 ਵਜੇ LG ਨੂੰ ਮਿਲਣ ਜਾਣਗੇ।
ਵੀਰਵਾਰ ਨੂੰ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਬਨਾਮ ਕੇਂਦਰ ਸਰਕਾਰ ਦੇ ਇੱਕ ਮਾਮਲੇ ਵਿੱਚ ਵੱਡਾ ਫੈਸਲਾ ਦਿੰਦੇ ਹੋਏ ਦਿੱਲੀ ਸਰਕਾਰ ਦੇ ਅਧੀਨ ਸੇਵਾਵਾਂ ਦਾ ਅਧਿਕਾਰ ਰੱਖਣ ਦੀ ਗੱਲ ਕਹੀ ਹੈ। ਇਸ ਦਾ ਮਤਲਬ ਹੈ ਕਿ ਹੁਣ ਦਿੱਲੀ ਸਰਕਾਰ ਦਿੱਲੀ ਵਿੱਚ ਹੀ ਅਧਿਕਾਰੀਆਂ ਦੀ ਤਬਾਦਲਾ ਕਰ ਸਕੇਗੀ।