Home » ਪਹਿਲਵਾਨਾਂ ਦੇ ਹਕ਼ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀਆਂ ਬੀਬੀਆਂ ਪਹੁੰਚੀਆਂ ਜੰਤਰ ਮੰਤਰ…
Home Page News India India News

ਪਹਿਲਵਾਨਾਂ ਦੇ ਹਕ਼ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀਆਂ ਬੀਬੀਆਂ ਪਹੁੰਚੀਆਂ ਜੰਤਰ ਮੰਤਰ…

Spread the news

ਜੰਤਰ ਮੰਤਰ ਤੇ ਪਿਛਲੇ ਵੀਹ ਦਿਨਾਂ ਤੋਂ ਸੰਘਰਸ਼ ਕਰ ਰਹੇ ਪਹਿਲਵਾਨਾਂ ਦੇ ਘੋਲ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਪੰਜਾਬ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਹੇਠ ਸੈਂਕੜੇ ਔਰਤਾਂ ਅਤੇ ਮਰਦਾਂ ਦੇ ਕਾਫਲੇ ਉਹਨਾਂ ਨੂੰ ਹਮਾਇਤ ਦੇਣ ਲਈ ਜੰਤਰ ਮੰਤਰ ਤੇ ਪਹੁੰਚ ਗਏ।
ਜਥੇਬੰਦੀ ਦੇ ਔਰਤ ਵਿੰਗ ਦੀ ਆਗੂ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਹ ਕੱਲ੍ਹ ਹੀ ਦਿੱਲੀ ਪਹੁੰਚ ਗਈਆਂ ਸਨ। ਰਾਤ ਨੂੰ ਉਹਨਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਅਤੇ ਰਕਾਬਗੰਜ ਸਾਹਿਬ ਵਿਖੇ ਠਹਿਰਾਓ ਕੀਤਾ। ਉਹਨਾਂ ਦੇ ਬਾਕੀ ਸਾਥੀ ਸਵੇਰੇ ਪੰਜ ਵਜੇ ਪੰਜਾਬ ਮੇਲ਼ ਤੇ ਦਿੱਲੀ ਪਹੁੰਚੇ।
ਸਵੇਰੇ ਸਹੀ ਦਸ ਵਜੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਨਾਹਰੇ ਮਾਰਦਾ ਹੋਇਆ ਇਹ ਕਾਫਲਾ ਜੰਤਰ ਮੰਤਰ ਲਈ ਰਵਾਨਾ ਹੋਇਆ। ਔਰਤਾਂ ਨੇ ਅੱਗੇ ਲੱਗ ਕੇ ਅਗਵਾਈ ਕੀਤੀ। ਹੱਥਾਂ ਵਿੱਚ ਜਥੇਬੰਦੀ ਦੇ ਝੰਡੇ ਅਤੇ ਸਿਰਾਂ ਤੇ ਹਰੀਆਂ ਚੁੰਨੀਆਂ ਲੈ ਕੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਨਾਹਰੇ ਮਾਰਦੀਆਂ ਇਹ ਔਰਤਾਂ ਜ਼ਬਰ ਦੇ ਖਿਲਾਫ ਲੜਨ ਲਈ ਚੰਡੀ ਦਾ ਰੂਪ ਨਜ਼ਰ ਆ ਰਹੀਆਂ ਸਨ।
ਜਥੇਬੰਦੀ ਵੱਲੋਂ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ,  ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਜ਼ਿਲ੍ਹਾ ਮੁਕਤਸਰ ਦੇ ਸਕੱਤਰ ਗੁਰਦੀਪ ਸਿੰਘ ਖੁੱਡੀਆਂ, ਮੁਹਾਲੀ ਤੋਂ ਜਿਲਾ ਕਨਵੀਨਰ ਪ੍ਰਦੀਪ ਮਿੱਤਲ ਅਤੇ ਔਰਤ ਵਿੰਗ ਦੀ ਆਗੂ ਅੰਮ੍ਰਿਤਪਾਲ ਕੌਰ ਨੇ ਸੰਬੋਧਨ ਕੀਤਾ।
ਸਾਰੇ ਬੁਲਾਰਿਆਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਨੂੰ ਹੁਣ ਤੱਕ ਗਿਰਫ਼ਤਾਰ ਨਾ ਕਰਨ ਲਈ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਨੇ ਕਿਹਾ ਕਿ ਸੱਤ ਪਹਿਲਵਾਨ ਕੁੜੀਆਂ ਦੀ ਰਿਪੋਰਟ ਲਿਖਵਾਈ ਨੂੰ ਮਹੀਨਾ ਹੋਣ ਵਾਲਾ ਹੈ, ਪਰ ਹਾਲੇ ਤੱਕ ਸਾਰੀਆਂ ਕੁੜੀਆਂ ਦੇ ਮੈਜਿਸਟ੍ਰੇਟ ਸਾਹਮਣੇ ਬਿਆਨ ਵੀ ਦਰਜ ਨਹੀਂ ਕੀਤੇ ਗਏ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਦਿੱਲੀ ਪੁਲੀਸ ਸਰਕਾਰ ਦੇ ਦਬਾਅ ਹੇਠ ਉਸ ਨੂੰ ਗਿਰਫ਼ਤਾਰ ਕਰਨ ਤੋਂ ਟਾਲ਼ਾ ਵੱਟ ਰਹੀ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਸੰਯੁਕਤ ਕਿਸਾਨ ਮੋਰਚੇ ਦਾ ਸੰਘਰਸ਼ ਯਾਦ ਕਰ ਲਵੇ। ਲੋਕਾਂ ਅਤੇ ਪਹਿਲਵਾਨਾਂ ਦੇ ਦ੍ਰਿੜ ਸੰਘਰਸ਼ ਅੱਗੇ ਝੁਕਣਾ ਹੀ ਪੈਣਾ ਹੈ।
ਜਥੇਬੰਦੀ ਦੇ ਆਗੂਆਂ ਨੇ ਪਹਿਲਵਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਜਥੇਬੰਦੀ ਵੱਲੋਂ ਹਮਾਇਤ ਜਾਰੀ ਰੱਖਣਗੇ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਪ੍ਰੋਗਰਾਮਾਂ ਵਿੱਚ ਵੀ ਵੱਧ ਚੜ੍ਹ ਕੇ ਸ਼ਾਮਲ ਹੋਣਗੇ।