Amrit vele da Hukamnama Sri Darbar Sahib Sri Amritsar, Ang 591, 10-06-23
ਸਲੋਕੁ ਮ:੩ ॥ ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ ॥ ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ ॥ ਨਾਨਕ ਗੁਰਮੁਖਿ ਸਹਜਿ ਮਿਲੈ ਸਚੇ ਸਿਉ ਲਿਵ ਲਾਉ ॥੧॥ ਮ: ੩ ॥ ਏ ਮਨ ਐਸਾ ਸਤਿਗੁਰੁ ਖੋਜਿ ਲਹੁ ਜਿਤੁ ਸੇਵਿਐ ਜਨਮ ਮਰਣ ਦੁਖੁ ਜਾਇ ॥ ਸਹਸਾ ਮੂਲਿ ਨ ਹੋਵਈ ਹਉਮੈ ਸਬਦਿ ਜਲਾਇ ॥ ਕੂੜੈ ਕੀ ਪਾਲਿ ਵਿਚਹੁ ਨਿਕਲੈ ਸਚੁ ਵਸੈ ਮਨਿ ਆਇ ॥ ਅੰਤਰਿ ਸਾਂਤਿ ਮਨਿ ਸੁਖੁ ਹੋਇ ਸਚ ਸੰਜਮਿ ਕਾਰ ਕਮਾਇ ॥ ਨਾਨਕ ਪੂਰੈ ਕਰਮਿ ਸਤਿਗੁਰੁ ਮਿਲੈ ਹਰਿ ਜੀਉ ਕਿਰਪਾ ਕਰੇ ਰਜਾਇ ॥੨॥
ਜਿਸ ਮਨੁੱਖ ਨੂੰ ਸਤਿਗੁਰੂ ਤੇ ਭਰੋਸਾ ਨਹੀਂ ਬਣਿਆ ਤੇ ਸਤਿਗੁਰੂ ਦੇ ਸ਼ਬਦ ਵਿਚ ਜਿਸ ਦਾ ਪਿਆਰ ਨਹੀਂ ਲੱਗਾ, ਉਸ ਨੂੰ ਕਦੇ ਸੁਖ ਨਹੀਂ, ਭਾਵੇਂ (ਗੁਰੂ ਪਾਸ) ਸੌ ਵਾਰੀ ਆਵੇ ਜਾਏ। ਹੇ ਨਾਨਕ! ਜੇ ਗੁਰੂ ਦੇ ਸਨਮੁਖ ਹੋ ਕੇ ਸੱਚੇ ਵਿਚ ਲਿਵ ਜੋੜੀਏ ਤਾਂ ਪ੍ਰਭੂ ਸਹਿਜੇ ਹੀ ਮਿਲ ਪੈਂਦਾ ਹੈ ॥੧॥ ਹੇ ਮੇਰੇ ਮਨ! ਇਹੋ ਜਿਹਾ ਸਤਿਗੁਰੂ ਖੋਜ ਕੇ ਲੱਭ, ਜਿਸ ਦੀ ਸੇਵਾ ਕੀਤਿਆਂ ਤੇਰਾ ਸਾਰੀ ਉਮਰ ਦਾ ਦੁਖ ਦੂਰ ਹੋ ਜਾਏ, ਕਦੇ ਉੱਕਾ ਹੀ ਚਿੰਤਾ ਨਾ ਹੋਵੇ ਤੇ (ਉਸ ਸਤਿਗੁਰੂ ਦੇ) ਸ਼ਬਦ ਨਾਲ ਤੇਰੀ ਹਉਮੈ ਸੜ ਜਾਏ, ਤੇਰੇ ਅੰਦਰੋਂ ਕੂੜ ਦੀ ਕੰਧ ਦੂਰ ਹੋ ਜਾਏ ਤੇ ਮਨ ਵਿਚ ਸੱਚਾ ਹਰੀ ਆ ਵੱਸੇ, ਅਤੇ ਹੇ ਮਨ! (ਉਸ ਸਤਿਗੁਰੂ ਦੇ ਦੱਸੇ ਹੋਏ) ਸੰਜਮ ਵਿਚ ਸੱਚੀ ਕਾਰ ਕਰ ਕੇ ਤੇਰੇ ਅੰਦਰ ਸ਼ਾਂਤੀ ਤੇ ਸੁਖ ਹੋ ਜਾਏ। ਹੇ ਨਾਨਕ! ਜਦੋਂ ਹਰੀ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ ਤਦੋਂ (ਇਹੋ ਜਿਹਾ) ਸਤਿਗੁਰੂ ਪੂਰੀ ਬਖ਼ਸ਼ਸ਼ ਨਾਲ ਹੀ ਮਿਲਦਾ ਹੈ ॥੨॥