ਹਥਿਆਰਬੰਦ ਲੁਟੇਰਿਆਂ ਨੇ ਵੀਰਵਾਰ ਰਾਤ ਜਲੰਧਰ ਦੇ ਸੋਢਲ ਚੌਕ ਨੇੜੇ ਫਲਿੱਪਕਾਰਟ (flipkart) ਦੇ ਦਫਤਰ ‘ਚੋਂ ਬੰਦੂਕ ਦੀ ਨੋਕ ‘ਤੇ ਕਰੀਬ 3 ਲੱਖ ਦੀ ਨਕਦੀ ਅਤੇ ਪੰਜ ਮੋਬਾਈਲ ਲੁੱਟ ਲਏ। ਇਹ ਘਟਨਾ ਉਦੋਂ ਵਾਪਰੀ ਜਦੋਂ ਦਫ਼ਤਰ ਦੇ ਸਾਰੇ ਸਮਾਨ ਦਾ ਲੇਖਾ-ਜੋਖਾ ਕੀਤਾ ਜਾ ਰਿਹਾ ਸੀ। ਫਲਿੱਪਕਾਰਟ ਦੇ ਕਰਮਚਾਰੀ ਸਾਹਿਲ ਨੇ ਦੱਸਿਆ ਕਿ ਲੁਟੇਰਿਆਂ ਦੀ ਗਿਣਤੀ ਪੰਜ ਸੀ ਅਤੇ ਉਨ੍ਹਾਂ ਨੇ ਮੂੰਹ ਢਕੇ ਹੋਏ ਸਨ।ਸੂਚਨਾ ਮਿਲਦੇ ਹੀ ਏਸੀਪੀ ਦਮਨਪ੍ਰੀਤ ਸਿੰਘ ਅਤੇ ਥਾਣਾ ਅੱਠ ਦੇ ਐਸਐਚਓ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਲੁੱਟ ਦਾ ਮਾਮਲਾ ਦਰਜ ਕਰ ਲਿਆ ਹੈ।
ਦੱਸ ਦਈਏ ਕਿ ਘਟਨਾ ਕਾਰਨ ਉੱਦਮੀਆਂ ਵਿੱਚ ਭਾਰੀ ਰੋਸ ਹੈ ਕਿਉਂਕਿ ਇਸ ਇਲਾਕੇ ਵਿੱਚ ਵੱਡੀਆਂ ਸਨਅਤੀ ਇਕਾਈਆਂ ਹਨ। ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਦੇਰ ਰਾਤ ਤੱਕ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ ਗਏ।ਪੁਲੀਸ ਅਨੁਸਾਰ ਚਾਰੇ ਲੁਟੇਰਿਆਂ ਅੰਦਰ ਦਾਖ਼ਲ ਹੁੰਦਿਆਂ ਹੀ ਰਿਵਾਲਵਰ ਦਿਖਾ ਕੇ ਸਾਰਿਆਂ ਨੂੰ ਇਕ ਪਾਸੇ ਕਰ ਦਿੱਤਾ।ਇੱਕ ਲੁਟੇਰਾ ਅੰਦਰੋਂ ਡੀਵੀਆਰ ਵੀ ਲਾਹ ਕੇ ਲੈ ਗਿਆ।ਇੱਕ ਲੁਟੇਰਾ ਬਾਹਰ ਖੜ੍ਹਾ ਰਿਹਾ। ਏ.ਸੀ.ਪੀ ਦਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਲੁਟੇਰਿਆਂ ਨੂੰ ਦਫ਼ਤਰ ਦੇ ਅੰਦਰਲੇ ਸਾਮਾਨ ਦੀ ਪੂਰੀ ਜਾਣਕਾਰੀ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਭੇਤੀ ਵਿਆਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।