ਅਮਰੀਕਾ ਦੇ ਬਾਲਟੀਮੋਰ ’ਚ ਹੋਈ ਸਾਮੂਹਿਕ ਗੋਲ਼ੀਬਾਰੀ ’ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 28 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ’ਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਗੋਲ਼ੀਬਾਰੀ ਐਤਵਾਰ ਨੂੰ ਗ੍ਰੇਟਨਾ ਐਵੇਨਿਊ ਦੇ 800 ਬਲਾਕ ’ਚ ਹੋਈ ਸੀ। ਪੁਲਿਸ ਮੁਤਾਬਕ ਮਰਨ ਵਾਲਿਆਂ ’ਚ 18 ਸਾਲ ਦੀ ਕੁੜੀ ਤੇ 20 ਸਾਲ ਦਾ ਨੌਜਵਾਨ ਸ਼ਾਮਲ ਹਨ। ਪੁਲਿਸ ਮੁਤਾਬਕ ਹੁਣ ਤੱਕ ਹਮਲਾਵਰ ਤੇ ਉਸ ਦੀ ਮਨਸ਼ਾ ਦਾ ਪਤਾ ਨਹੀਂ ਲੱਗ ਸਕਿਆ।
ਪੁਲਿਸ ਮੁਤਾਬਕ ਐਤਵਾਰ ਰਾਤ 12.35 ਵਜੇ ਗੋਲ਼ੀਬਾਰੀ ਦੀ ਘਟਨਾ ਸਬੰਧੀ ਸੂਚਨਾ ਮਿਲੀ ਸੀ। ਬ੍ਰਕੂਲਿਨ ਡੇ ਸਬੰਧੀ ਇਕ ਪ੍ਰੋਗਰਾਮ ’ਚ ਸੈਂਕੜੇ ਲੋਕ ਮੌਜੂਦ ਸਨ। ਇਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਉਸ ਨੇ 20 ਤੋਂ 30 ਦੇ ਕਰੀਬ ਗੋਲ਼ੀਆਂ ਦੀਆਂ ਆਵਾਜ਼ਾਂ ਸੁਣੀਆਂ। ਬਾਲਟੀਮੋਰ ਦੇ ਮੇਅਰ ਬ੍ਰੈਂਡੋਨ ਸਕਾਟ ਨੇ ਇਸ ਨੂੰ ਕਾਇਰਤਾ ਭਰੀ ਕਾਰਵਾਈ ਕਰਾਰ ਦਿੱਤਾ।ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ’ਚ ਅਮਰੀਕਾ ’ਚ ਗੋਲ਼ੀਬਾਰੀ ਦੀਆਂ ਘਟਨਾਵਾਂ ’ਚ ਵਾਧਾ ਹੋਇਆ ਹੈ। ਪਿਛਲੇ ਮਹੀਨੇ ਜੂਨ ਦੇ ਸ਼ੁਰੂ ’ਚ ਹੀ ਮਿਸੌਰੀ ਦੇ ਕੰਸਾਸ ਸ਼ਹਿਰ ’ਚ ਗੋਲ਼ੀਬਾਰੀ ਦੀ ਘਟਨਾ ’ਚ ਮਹਿਲਾ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਸ ’ਚ ਪੰਜ ਲੋਕ ਜ਼ਖ਼ਮੀ ਹੋਏ ਸਨ। ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਨੂੰ ਰੋਕਣ ਲਈ ਸਰਕਾਰ ਵੱਲੋਂ ਹਥਿਆਰਾਂ ’ਤੇ ਸਖ਼ਤੀ ਵਰਤੇ ਜਾਣ ਦੀ ਗੱਲ ਕਹੀ ਜਾ ਚੁੱਕੀ ਹੈ, ਪਰ ਫਿਰ ਵੀ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ।