ਦੁਨੀਆਂ ਦੇ ਜਿਸ ਹਿੱਸੇ ਵਿੱਚ ਵੀ ਜੀਵਨ ਹੈ ਉਹ ਹਿੱਸਾ ਕਦੇ ਨਾ ਕਦੇ ਕੁਦਰਤੀ ਕਹਿਰ ਦਾ ਸਿ਼ਕਾਰ ਹੋ ਰਿਹਾ ਹੈ ਜਿਸ ਕਾਰਨ ਲੋਕਾਂ ਦਾ ਜਨ -ਜੀਵਨ ਵੱਡੇ ਪੱਧਰ ਦੇ ਪ੍ਰਭਾਵਿਤ ਹੋ ਰਿਹਾ ਹੈ ਇਸ ਨੂੰ ਕੁਦਰਤ ਦੀ ਕਰੋਪੀ ਹੀ ਮੰਨਿਆ ਜਾ ਸਕਦਾ ਹੈ ਕਿ ਜੀਵਨ ਵਾਲੇ ਧਰਤੀ ਦੇ ਹਿੱਸੇ ਕਦੀਂ ਹੜ੍ਹਾਂ ਦੇ ਪਾਣੀ ਦੀ ਮਾਰ,ਕਦੇ ਸੋਕੇ ਦੀ ਮਾਰ ਤੇ ਕਦੀ ਕੁਦਰਤੀ ਅੱਗ ਨਾਲ ਹੋਈ ਤਬਾਹੀ ਨੂੰ ਝੱਲਣ ਲਈ ਬੇਵੱਸ ਹਨ ।ਪੂਰੀ ਦੁਨੀਆਂ ਵਿੱਚ ਬਦਲ ਰਿਹਾ ਜਲ-ਵਾਯੂ ਲੋਕਾਂ ਲਈ ਜਾਨ ਦਾ ਖੋਅ ਬਣ ਰਿਹਾ ਹੈ।ਯੂਰਪ ਵੀ ਇਸ ਤਬਾਹੀ ਤੋਂ ਬਚ ਨਹੀਂ ਸਕਿਆ ਜਿਸ ਤਹਿਤ ਜੇਕਰ ਗੱਲ ਸਿਰਫ਼ ਪਿਛਲੀਆਂ ਗਰਮੀਆਂ ਦੀ ਹੀ ਕੀਤੀ ਜਾਵੇ ਤਾਂ ਸੰਨ 2022 ਦੌਰਾਨ ਸੂਰਜ ਦੀ ਤਪਸ ਭਾਵ ਤੇਜ ਲੂ,ਗਰਮੀ,ਗਰਮ ਹਵਾਵਾਂ ਯੂਰਪ ਭਰ’ਚ 61000 ਤੋਂ ਉਪੱਰ ਜਿੰਦਗੀਆਂ ਲਈ ਕਾਲ ਬਣੀਆਂ ਜਦੋਂ ਕਿ ਯੂਰਪੀਅਨ ਦੇਸ਼ਾਂ ਵਿੱਚ ਸਭ ਤੋਂ ਵੱਧ ਇਟਲੀ ਦੇ 18000 ਤੋਂ ਉਪੱਰ ਲੋਕਾਂ ਦੀ ਮੌਤ ਹੋਈ ਸਿਰਫ਼ ਗਰਮੀ ਦੇ ਪ੍ਰਭਾਵ ਕਾਰਨ ਹੋਈ ਇਸ ਗੱਲ ਦਾ ਖੁਲਾਸਾ ਬਾਰਸੀਲੋਨਾ ਇੰਸਟੀਚਿਊਟ ਫਾਰ ਗਲੋਬਲ ਹੈਲਥ ਅਤੇ ਫਰਾਂਸ ਦੀ ਸਿਹਤ ਖੋਜ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਐਂਡ ਮੈਡੀਕਲ ਰਿਸਾਰਚ ਦੀ ਜਾਂਚ ਨੇ ਕੀਤਾ ਜਿਹੜਾ ਕਿ ਪ੍ਰਸਿੱਧ ਮੈਗਜ਼ੀਨ ਮੈਡੀਸਨ ਜਨਰਲ ਵਿੱਚ ਪ੍ਰਕਾਸਿ਼ਤ ਹੋਇਆ ਹੈ।ਇਸ ਜਾਂਚ ਅਨੁਸਾਰ ਹੀ ਇਹ ਗੱਲ ਸਾਹਮ੍ਹਣੇ ਆਈ ਹੈ ਕਿ ਸੰਨ 2022 ਦੀ 30 ਮਈ ਤੋਂ 4 ਸਤੰਬਰ ਤੱਕ ਯੂਰਪ ਭਰ ਵਿੱਚ ਗਰਮੀ ਦੇ ਪ੍ਰਭਾਵ ਕਾਰਨ 61,672 ਲੋਕਾਂ ਮੌਤ ਹੋਈ।ਅਧਿਐਨ ਦੇ ਅਨੁਸਾਰ ਸਿਰਫ਼ 18-24 ਜੁਲਾਈ ਸੰਨ 2022 ਦੇ ਦੌਰਾਨ ਹੀ 11,600 ਤੋਂ ਵੱਧ ਮੌਤਾਂ ਸੂਰਜ ਦੀ ਤਪਸ਼ ਕਾਰਨ ਹੋਈਆਂ।ਇਟਲੀ ਵਿੱਚ ਜਿੱਥੇ ਗਰਮੀ ਨੇ 18000 ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਉੱਥੇ ਸਪੇਨ ਵਿੱਚ 11,324 ਲੋਕਾਂ ਨੂੰ ਤੇ ਜਰਮਨ ਵਿੱਚ 8,173 ਲੋਕਾਂ ਨੂੰ ਗਰਮੀ ਦੇ ਤੇਜ ਪ੍ਰਭਾਵ ਕਾਰਨ ਜਾਨ ਤੋਂ ਹੱਥ ਧੋਣੇ ਪਏ।ਗਰਮੀ ਕਾਰਨ ਯੂਰਪ ਭਰ ਵਿੱਚ ਲੋਕਾਂ ਦਾ ਜਾਨੀ ਨੁਕਸਾਨ ਇਹ ਪਹਿਲਾ ਵਾਰ ਦਾ ਮੰਜਰ ਨਹੀਂ ਹੈ ਇਸ ਤੋਂ ਪਹਿਲਾਂ ਸੰਨ 2003 ਵਿੱਚ ਸੂਰਜ ਦੀ ਤਪਸ਼ 70,000 ਤੋਂ ਵੱਧ ਲੋਕਾਂ ਲਈ ਕਾਲ ਬਣੀ ਸੀ।ਵਿਸ਼ਲੇਸ਼ਣ ਵਿੱਚ ਕਿਹਾ ਗਿਆ ਹੈ ਕਿ ਗਰਮੀ ਕਾਰਨ ਮਰਨ ਵਾਲੇ ਲੋਕਾਂ ਵਿੱਚ 80 ਸਾਲ ਤੋਂ ਵਧੇਰੇ ਉਮਰ ਦੇ ਲੋਕ ਉਹਨਾਂ ਵਿੱਚ ਵੀ 63 % ਔਰਤਾਂ ਸ਼ਾਮਿਲ ਹਨ ।ਜਲਵਾਯੂ ਦੇ ਬਦਲਾਵ ਕਾਰਨ ਯੂਰਪ ਔਸਤ ਨਾਲ ਦੁੱਗਣਾ ਗਰਮ ਹੋ ਰਿਹਾ ਹੈ ਜਿਸ ਪ੍ਰਤੀ ਸਭ ਨੂੰ ਸੰਜੀਦਾ ਹੋਣ ਦੀ ਸਖ਼ਤ ਲੋੜ ਹੈ ਜੇਕਰ ਯੂਰਪੀਅਨ ਦੇ ਸ਼ੁੱਭਚਿੰਤਕਾਂ ਨੇ ਯੂਰਪ ਨੂੰ ਠੰਡਾ ਕਰਨ ਲਈ ਕੋਈ ਗੰਭੀਰਤਾ ਨਾ ਦਿਖਾਈ ਤਾਂ 2030 ਤੱਕ ਯੂਰਪ ਭਰ ਵਿੱਚ ਹਰ ਗਰਮੀਆਂ ਦੌਰਾਨ ਗਰਮੀ ਦੇ ਪ੍ਰਭਾਵ ਕਾਰਨ 68,000 ਤੋਂ ਵੱਧ ਲੋਕਾਂ ਲਈ ਹੋਣੀ ਕਾਲ ਬਣਨਾ ਸ਼ੁਰੂ ਕਰ ਦੇਵੇਗੀ ਉਸ ਤੋਂ ਬਾਅਦ ਖੋਜਕਰਤਾਵਾਂ ਨੇ ਇਹ ਦਾਅਵਾ ਕੀਤਾ ਹੈ ਕਿ ਜੇ ਹਾਲਤ ਇਹੀ ਰਹੇ ਤਾਂ ਸੰਨ 2040 ਤੱਕ ਗਰਮੀ ਨਾਲ ਜੁੜੀਆਂ ਮੌਤਾਂ ਦੀ ਗਿਣਤੀ 94,000 ਤੇ 2050 ਤੱਕ ਗਰਮੀ ਨਾਲ ਜੁੜੀਆਂ ਮੌਤਾਂ ਦੀ ਗਿਣਤੀ 120,000 ਤੋਂ ਵੀ ਵੱਧ ਹੋ ਸਕਦੀ ਹੈ ਜੋ ਕਿ ਮਨੁੱਖ ਲਈ ਵਿਨਾਸ਼ਕ ਕਾਰਵਾਈ ਹੋਵੇਗੀ।ਇਸ ਵਿਨਾਸ਼ ਤੋਂ ਵੱਧ ਲਈ ਦੁਨੀਆਂ ਭਰ ਦੇ ਜਲਵਾਯੂ ਮਾਹਿਰ ਲੋਕਾਂ ਨੂੰ ਜਾਗਰੂਕ ਕਰਨ ਲਈ ਦਿਨ-ਰਾਤ ਇੱਕ ਕਰ ਰਹੇ ਹਨ ਪਰ ਅਫ਼ਸੋਸ ਆਮ ਲੋਕ ਹੁਣ ਤੱਕ ਇਸ ਜਾਗਰੂਕਤਾ ਮੁੰਹਿਮ ਵਿੱਚ ਅਵੇਸਲੇ ਹੀ ਦੇਖੇ ਜਾ ਰਹੇ ਹਨ ।
(ਦਲਵੀਰ ਕੈਂਥ,ਟੇਕ ਚੰਦ)