Home » ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (21-7-2023)…
Home Page News India Religion

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (21-7-2023)…

Spread the news

Amrit Vele Da Hukamnama Sachkhand Sri Harmandir Sahib, Amritsar 21-07-2022 ANG 597


ਸੋਰਠਿ ਮਹਲਾ ੧ ॥ ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥ ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥ ਘਟਿ ਘਟਿ ਰਵਿ ਰਹਿਆ ਬਨਵਾਰੀ ॥ ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ ॥ ਰਹਾਉ ॥ ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ ॥ ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਉ ॥੨॥ ਜਨਮ ਮਰਨ ਕਉ ਇਹੁ ਜਗੁ ਬਪੜੋ ਇਨਿ ਦੂਜੈ ਭਗਤਿ ਵਿਸਾਰੀ ਜੀਉ ॥ ਸਤਿਗੁਰੁ ਮਿਲੈ ਤ ਗੁਰਮਤਿ ਪਾਈਅੈ ਸਾਕਤ ਬਾਜੀ ਹਾਰੀ ਜੀਉ ॥੩॥ ਸਤਿਗੁਰ ਬੰਧਨ ਤੋੜਿ ਨਿਰਾਰੇ ਬਹੁਿੜ ਨ ਗਰਭ ਮਝਾਰੀ ਜੀਉ ॥ ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ ॥੪॥੮॥

ਸੋਰਠਿ ਮਹਲਾ ੧ ॥ ਹੇ ਪ੍ਰਭੂ ਜੀ! ਤੂੰ ਸਾਨੂੰ ਸਭ ਪਦਾਰਥ ਦੇਣ ਵਾਲਾ ਹੈਂ, ਦਾਤਾਂ ਦੇਣ ਵਿਚ ਤੂੰ ਕਦੇ ਖੁੰਝਦਾ ਨਹੀਂ, ਅਸੀ ਤੇਰੇ (ਦਰ ਦੇ) ਮੰਗਤੇ ਹਾਂ । ਮੈਂ ਤੈਥੋਂ ਕੇਹੜੀ ਸ਼ੈ ਮੰਗਾਂ? ਕੋਈ ਸ਼ੈ ਸਦਾ ਟਿਕੀ ਰਹਿਣ ਵਾਲੀ ਨਹੀਂ । (ਹਾਂ, ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ) ਹੇ ਹਰੀ! ਮੈਨੂੰ ਆਪਣਾ ਨਾਮ ਦੇਹ, ਮੈਂ ਤੇਰੇ ਨਾਮ ਨੂੰ ਪਿਆਰ ਕਰਾਂ ।੧। ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ । ਪਾਣੀ ਵਿਚ ਧਰਤੀ ਵਿਚ, ਧਰਤੀ ਦੇ ਉਪਰ ਆਕਾਸ਼ ਵਿਚ ਹਰ ਥਾਂ ਮੌਜੂਦ ਹੈ ਪਰ ਲੁਕਿਆ ਹੋਇਆ ਹੈ । (ਹੇ ਮਨ!) ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਵੇਖ ।ਰਹਾਉ। (ਹੇ ਭਾਈ! ਜਿਸ ਮਨੁੱਖ ਉੱਤੇ) ਗੁਰੂ ਨੇ ਸਤਿਗੁਰੂ ਨੇ ਕਿਰਪਾ ਕੀਤੀ ਉਸ ਨੂੰ ਉਸ ਨੇ ਧਰਤੀ ਆਕਾਸ਼ ਪਾਤਾਲ (ਸਾਰਾ ਜਗਤ ਪਰਮਾਤਮਾ ਦੀ ਹੋਂਦ ਨਾਲ ਭਰਪੂਰ) ਵਿਖਾ ਦਿੱਤਾ । ਉਹ ਪਰਮਾਤਮਾ ਜੂਨਾਂ ਵਿਚ ਨਹੀਂ ਆਉਂਦਾ, ਹੁਣ ਭੀ ਮੌਜੂਦ ਹੈ ਅਗਾਂਹ ਨੂੰ ਮੌਜੂਦ ਰਹੇਗਾ, (ਹੇ ਭਾਈ!) ਉਸ ਪ੍ਰਭੂ ਨੂੰ ਤੂੰ ਆਪਣੇ ਹਿਰਦੇ ਵਿਚ (ਵੱਸਦਾ) ਵੇਖ ।੨। ਇਹ ਭਾਗ-ਹੀਣ ਜਗਤ ਜਨਮ ਮਰਨ ਦਾ ਗੇੜ ਸਹੇੜ ਬੈਠਾ ਹੈ ਕਿਉਂਕਿ ਇਸ ਨੇ ਮਾਇਆ ਦੇ ਮੋਹ ਵਿਚ ਪੈ ਕੇ ਪਰਮਾਤਮਾ ਦੀ ਭਗਤੀ ਭੁਲਾ ਦਿੱਤੀ ਹੈ । ਜੇ ਸਤਿਗੁਰੂ ਮਿਲ ਪਏ ਤਾਂ ਗੁਰੂ ਦੇ ਉਪਦੇਸ਼ ਤੇ ਤੁਰਿਆਂ (ਪ੍ਰਭੂ ਦੀ ਭਗਤੀ) ਪ੍ਰਾਪਤ ਹੁੰਦੀ ਹੈ, ਪਰ ਮਾਇਆ-ਵੇੜ੍ਹੇ ਜੀਵ (ਭਗਤੀ ਤੋਂ ਖੁੰਝ ਕੇ ਮਨੁੱਖਾ ਜਨਮ ਦੀ) ਬਾਜ਼ੀ ਹਾਰ ਜਾਂਦੇ ਹਨ ।੩। ਹੇ ਸਤਿਗੁਰੂ! ਮਾਇਆ ਦੇ ਬੰਧਨ ਤੋੜ ਕੇ ਜਿਨ੍ਹਾਂ ਬੰਦਿਆਂ ਨੂੰ ਤੂੰ ਮਾਇਆ ਤੋਂ ਨਿਰਲੇਪ ਕਰ ਦੇਂਦਾ ਹੈਂ, ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ । ਹੇ ਨਾਨਕ! (ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ) ਗਿਆਨ ਦਾ ਰਤਨ ਚਮਕ ਪੈਂਦਾ ਹੈ, ਉਹਨਾਂ ਦੇ ਮਨ ਵਿਚ ਹਰੀ ਨਿਰੰਕਾਰ (ਆਪ) ਆ ਵੱਸਦਾ ਹੈ ।੪।੮।