ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਨੇ ਧਾਰਾ 370 ਨੂੰ ਰੱਦ ਕਰਨ, ਜੀ.ਐੱਸ.ਟੀ. ਲਾਗੂ ਕਰਨ, ਤਿੰਨ ਤਲਾਕ ’ਤੇ ਪਾਬੰਦੀ ਲਾਉਣ, ਓ.ਆਰ.ਓ.ਪੀ. ਲਾਗੂ ਕਰਨਾ ਅਤੇ ਔਰਤਾਂ ਲਈ ਰਾਖਵੇਂਕਰਨ ਦੀ ਵਿਵਸਥਾ ਕਰਨ ਸਮੇਤ ਕਈ ਕੰਮ ਕੀਤੇ ਹਨ। ਉਹ ਇੱਥੇ ਸਿੰਧੀਆ ਸਕੂਲ ਦੇ 125ਵੇਂ ਸਥਾਪਨਾ ਦਿਵਸ ਮੌਕੇ ਬੋਲ ਰਹੇ ਸਨ। ਉਨ੍ਹਾਂ ਸਕੂਲ ਦੀ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ। ਇਹ ਸਕੂਲ ਇਤਿਹਾਸਕ ਗਵਾਲੀਅਰ ਕਿਲ੍ਹੇ ਦੇ ਅੰਦਰ ਸਥਿਤ ਹੈ।
ਸਵਰਗੀ ਮਾਧਵ ਰਾਓ ਸਿੰਧੀਆ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਉਹ ਰੇਲ ਮੰਤਰੀ ਸਨ ਤਾਂ ਦੇਸ਼ ਵਿੱਚ ਸ਼ਤਾਬਦੀ ਐਕਸਪ੍ਰੈੱਸ ਟਰੇਨ ਸ਼ੁਰੂ ਹੋਈ ਸੀ। ਉਸ ਤੋਂ ਬਾਅਦ ਦਹਾਕਿਆਂ ਤੱਕ ਦੇਸ਼ ਵਿੱਚ ਕੋਈ ਨਵੀਂ ਰੇਲਗੱਡੀ ਸ਼ੁਰੂ ਨਹੀਂ ਹੋਈ। ਮੇਰੀ ਸਰਕਾਰ ਨੇ ਆਧੁਨਿਕ ਰੇਲ ਗੱਡੀਆਂ ਦੀ ਸ਼ੁਰੂਆਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੇ ਨੌਜਵਾਨਾਂ ਲਈ ਪੁਲਾੜ ਖੇਤਰ ਵੀ ਖੋਲ੍ਹਿਆ ਹੈ।
ਉਨ੍ਹਾਂ ਸਿੰਧੀਆ ਸਕੂਲ ਦੇ ਵਿਦਿਆਰਥੀਆਂ ਨੂੰ ਇੱਕ ਪਿੰਡ ਗੋਦ ਲੈਣ, ਸਵੱਛਤਾ ’ਤੇ ਧਿਆਨ ਦੇਣ, ਕਿਸਾਨਾਂ ਵਿੱਚ ਕੁਦਰਤੀ ਖੇਤੀ ਦੇ ਲਾਭਾਂ ਬਾਰੇ ਜਾਗਰੂਕਤਾ ਪੈਦਾ ਕਰਨ, ਗਰੀਬ ਪਰਿਵਾਰਾਂ ਨੂੰ ਗੋਦ ਲੈਣ, ਮੋਟੇ ਅਨਾਜ ਦੀ ਵਰਤੋਂ ਕਰਨ ਅਤੇ ਯੋਗਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਦਾਕਾਰ ਸਲਮਾਨ ਖਾਨ, ਗਾਇਕ ਨਿਤਿਨ ਮੁਕੇਸ਼ ਅਤੇ ਰੇਡੀਓ ਅਨਾਊਂਸਰ ਅਮੀਨ ਸਿਆਨੀ ਵਰਗੇ ਵਿਅਕਤੀ ਇਸ ਸਕੂਲ ਦੇ ਸਾਬਕਾ ਵਿਦਿਆਰਥੀ ਹਨ।