ਨਿਉ ਯਾਰਕ ( ਗੁਰਪ੍ਰੀਤ ਸਿੰਘ ਸਹੋਤਾ ): ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਫੇਲ੍ਹ ਕਰਨ ਤੋਂ ਬਾਅਦ ਹੁਣ “ਵਾਸ਼ਿੰਗਟਨ ਪੋਸਟ” ਨੇ ਇਸ ਸਾਜ਼ਿਸ਼ ਵਿੱਚ ਸ਼ਾਮਲ ਇੱਕ ਭਾਰਤੀ ਨਿਖਿਲ ਗੁਪਤਾ ਦਾ ਨਾਮ ਬੇਪਰਦ ਕੀਤਾ ਹੈ।
ਰਿਪੋਰਟ ਮੁਤਾਬਕ ਗੁਪਤਾ ਨੇ ਕੁਝ ਹੋਰਾਂ, ਜਿਨ੍ਹਾਂ ਵਿੱਚ ਇੱਕ ਭਾਰਤੀ ਅਧਿਕਾਰੀ ਵੀ ਸ਼ਾਮਲ ਹੈ, ਨਾਲ ਰਲ਼ ਕੇ ਕਥਿਤ ਤੌਰ ‘ਤੇ ਇਹ ਸਾਜ਼ਿਸ਼ ਜੂਨ ਵਿੱਚ ਘੜੀ ਸੀ, ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਤੁਰੰਤ ਬਾਅਦ।
ਰਿਪੋਰਟ ਮੁਤਾਬਕ ਗੁਪਤਾ ਜੋ ਕਿ ਇਸ ਵਕਤ ਅਮਰੀਕਾ ਵਿੱਚ ਨਹੀਂ ਹੈ, ਨੇ ਇੱਕ ਭਾੜੇ ਦੇ ਕਾਤਲ ਤੋਂ ਕੰਮ ਕਰਵਾਉਣ ਲਈ ਪੰਦਰਾਂ ਹਜ਼ਾਰ ਡਾਲਰ ਦੀ ਪੇਸ਼ਗੀ ਰਕਮ ਵੀ ਦਿੱਤੀ। ਗੁਪਤਾ ਤੀਹ ਜੂਨ ਨੂੰ ਚੈੱਕ ਰਿਪਬਲਿਕ ਵਿੱਚ ਫੜਿਆ ਗਿਆ, ਜਿੱਥੋਂ ਅਮਰੀਕਾ ਉਸਦੀ ਹਵਾਲਗੀ ਕਰਾਏਗਾ।
ਅਮਰੀਕਨ ਨਿਆਂ ਮਹਿਕਮੇ ਮੁਤਾਬਕ ਗੁਪਤਾ ਇੱਕ ਭਾਰਤੀ ਖੁਫੀਆ ਏਜੰਟ ਨਾਲ ਮਿਲ ਕੇ ਇਹ ਕੰਮ ਕਰ ਰਿਹਾ ਸੀ, ਜਿਸਨੇ ਮਈ ਵਿੱਚ ਗੁਪਤਾ ਨੂੰ ਇਹ ਕੰਮ ਦਿੱਤਾ ਸੀ।
ਗੁਪਤਾ ਨੇ ਕਤਲ ਕਰਵਾਉਣ ਲਈ ਇੱਕ ਅਮਰੀਕਨ ਅਪਰਾਧੀ ਨਾਲ ਸੰਪਰਕ ਕੀਤਾ, ਪਰ ਅਸਲ ਵਿੱਚ ਉਹ ਅਮਰੀਕਨ ਏਜੰਸੀਆਂ ਲਈ ਕੰਮ ਕਰਦਾ ਸੀ। ਗੁਪਤਾ ਅਮਰੀਕਨ ਅੰਡਰਕਵਰ ਏਜੰਟ ਨਾਲ ਕਤਲ ਕਰਾਉਣ ਲਈ ਇੱਕ ਲੱਖ ਅਮਰੀਕਨ ਡਾਲਰ ਵਿੱਚ ਡੀਲ ਕਰ ਆਇਆ। ਪੰਦਰਾਂ ਹਜ਼ਾਰ ਪੇਸ਼ਗੀ ਦੇ ਦਿੱਤੀ।
ਅਠਾਰਾਂ ਜੂਨ ਨੂੰ ਭਾਈ ਨਿੱਝਰ ਦਾ ਕਤਲ ਹੋਣ ਤੋਂ ਬਾਅਦ ਅਗਲੇ ਦਿਨ ਗੁਪਤਾ ਆਪਣੇ ਭਾੜੇ ਦੇ ਕਾਤਲ (ਅਮਰੀਕਨ ਅੰਡਰਕਵਰ ਏਜੰਟ) ਨੂੰ ਦੱਸਦਾ ਕਿ ਹਾਲੇ ਤਾਂ ਅਸੀਂ ਹੋਰ ਕਈ ਮਾਰਨੇ। ਅਮਰੀਕਾ ਵਾਲਾ ਕੰਮ ਜਲਦੀ ਕਰ। ਉਹ ਪੰਨੂੰ ਦੀ ਤਸਵੀਰ, ਘਰ ਤੇ ਕੰਮ ਦਾ ਪਤਾ ਤੇ ਹੋਰ ਵੇਰਵੇ ਵੀ ਦਿੰਦਾ।
ਸੋ ਇਸ ਤਰਾਂ ਭਾਰਤੀ ਜੇਮਜ਼ ਬੌਂਡ ਆਪਣੇ ਆਪ ਅਮਰੀਕਨ ਜਾਲ਼ ਵਿੱਚ ਫਸੇ ਹਨ। ਯਕੀਨਨ ਭਾਈ ਹਰਦੀਪ ਸਿੰਘ ਨਿੱਝਰ ਦੇ ਕਾਤਲ ਵੀ ਇਸੇ ਸਕੀਮ ਦੇ ਨੰਗੇ ਹੋ ਜਾਣ ਤੋਂ ਬਾਅਦ ਕੈਨੇਡਾ ਹੱਥ ਆਏ ਹਨ।
ਇਸ ਮਾਮਲੇ ਨੂੰ ਅਮਰੀਕਾ ਨੇ ਏਨੀ ਗੰਭੀਰਤਾ ਨਾਲ ਲਿਆ ਸੀ ਕਿ ਸੀਆਈਏ ਦੇ ਡਾਇਰੈਕਟਰ ਵਿਲੀਅਮ ਬਰਨਜ਼ ਅਗਸਤ ਵਿੱਚ ਤੇ ਐਨਆਈਏ ਦੇ ਮੁਖੀ ਐਵਰਿਲ ਹੇਨਜ਼ ਅਕਤੂਬਰ ਵਿੱਚ ਇਹ ਮੁੱਦਾ ਚੁੱਕਣ ਵਿਸ਼ੇਸ਼ ਤੌਰ ‘ਤੇ ਭਾਰਤ ਗਏ।
ਉਹੀ ਭਾਰਤ ਜੋ ਕੈਨੇਡਾ ਨਾਲ ਜਾਂਚ ‘ਚ ਸਹਿਯੋਗ ਕਰਨ ਨੂੰ ਪਛੰਡੇ ਮਾਰ ਰਿਹਾ, ਅਮਰੀਕਾ ਅੱਗੇ ਸੀਲ ਹੋ ਕੇ ਸਹਿਯੋਗ ਦੇਣ ਲਈ ਮੰਨ ਚੁੱਕਾ ਹੈ।