Home » “ਖੁਫ਼ੀਆ ਰਿਪੋਰਟ” ਗੀਤ ਗਾਉਣ ਵਾਲਾ ਗਾਇਕ “ਗੁਰਪ੍ਰੀਤ ਢੱਟ” ਇਸ ਫਾਨੀ ਸੰਸਾਰ ਨੂੰ ਕਹਿ ਗਿਆ ਅਲਵਿਦਾ…
Home Page News India India News World

“ਖੁਫ਼ੀਆ ਰਿਪੋਰਟ” ਗੀਤ ਗਾਉਣ ਵਾਲਾ ਗਾਇਕ “ਗੁਰਪ੍ਰੀਤ ਢੱਟ” ਇਸ ਫਾਨੀ ਸੰਸਾਰ ਨੂੰ ਕਹਿ ਗਿਆ ਅਲਵਿਦਾ…

Spread the news

ਪੰਜਾਬੀ ਗਾਇਕੀ ਦਾ ਚਰਚਿਤ ਗਾਇਕ ਗੁਰਪ੍ਰੀਤ ਢੱਟ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ । ਇਸ ਦਰਦਨਾਕ ਖਬਰ ਨੂੰ ਸੁਣਦਿਆਂ ਸਾਰ ਹੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਉਸਦੇ ਚਹੇਤਿਆਂ ਨੇ ਉਸ ਦੀ ਹੋਈ ਬੇਵਕਤੀ ਮੌਤ ਦੀ ਖਬਰ ਸੋਸ਼ਲ ਮੀਡੀਆ ਤੇ ਬੜੇ ਦੁੱਖ ਨਾਲ ਅਪਡੇਟ ਕਰਕੇ ਸਮੁੱਚੇ ਸੰਸਾਰ ਵਿੱਚ ਉਸਦੇ ਖੱਟੇ ਹੋਏ ਪਿਆਰ ਦਾ ਇਜ਼ਹਾਰ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ । ਗਾਇਕ ਗੁਰਪ੍ਰੀਤ ਢੱਟ ਜਿਲਾ ਹੁਸ਼ਿਆਰਪੁਰ ਦੇ ਇੱਕ ਛੋਟੇ ਜਿਹੇ ਪਿੰਡ ਢੱਟਾਂ ਨੇੜੇ ਸਰਾਂ ਦਾ ਵਸਨੀਕ ਸੀ ਅਤੇ ਉਹ ਪਿਛਲੇ ਲੰਬੇ ਸਮੇਂ ਤੋਂ ਜਲੰਧਰ ਮਕਸੂਦਾਂ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ । ਪਹਿਲਾਂ ਪਹਿਲ ਕਲਾਕਾਰਾਂ ਦੀ ਰਾਜਧਾਨੀ ਲੁਧਿਆਣਾ ਮੰਨੀ ਗਈ, ਜਿੱਥੇ ਹਰ ਪੰਜਾਬੀ ਕਲਾਕਾਰ ਦਾ ਦਫ਼ਤਰ ਸਥਾਪਿਤ ਸੀ। ਇਸ ਤਰਜ਼ ਤੇ ਹੀ ਇੱਕ ਸਮਾਂ ਆਇਆ ਕਿ ਜਲੰਧਰ ਵਿਖੇ ਅਜਿਹਾ ਮਾਹੌਲ ਬਣਿਆ, ਜਿੱਥੇ ਸਾਰੇ ਕਲਾਕਾਰਾਂ ਨੇ ਨਕੋਦਰ ਚੌਕ ਵਿੱਚ ਆਪਣੇ ਦਫ਼ਤਰ ਸਥਾਪਿਤ ਕਰਨੇ ਸ਼ੁਰੂ ਕੀਤੇ । ਗਾਇਕ ਗੁਰਪ੍ਰੀਤ ਢੱਟ ਨੇ ਵੀ ਇੱਥੇ ਆਪਣਾ ਦਫ਼ਤਰ ਸਥਾਪਿਤ ਕੀਤਾ ਅਤੇ ਆਪਣੀ ਗਾਇਕੀ ਦੀ ਸੁਰੀਲੀ ਸੁਰ ਨੂੰ ਵੀ ਇਥੋਂ ਬਕਾਇਦਾ ਰੂਪ ਵਿੱਚ ਸਟੇਜਾਂ ਲਾ ਕੇ ਆਪਣੇ ਸਰੋਤਿਆਂ ਤੱਕ ਪਹੁੰਚਾਇਆ । ਗਾਇਕ ਗੁਰਪ੍ਰੀਤ ਢੱਟ ਨੇ ਲਗਾਤਾਰ ਇੱਕ ਦਹਾਕਾ ਆਪਣੇ ਗੀਤਾਂ ਅਤੇ ਕੈਸਟਾਂ ਰਾਹੀਂ ਸੰਗੀਤ ਜਗਤ ਵਿੱਚ ਤਹਿਲਕਾ ਮਚਾਈ ਰੱਖਿਆ । ਉਸ ਦੇ ਬਾਰੇ ਕਈ ਵਾਰ ਮੈਨੂੰ ਆਰਟੀਕਲ ਲਿਖਣ ਦਾ ਮੌਕਾ ਮਿਲਿਆ । ਉਹ ਯਾਰਾਂ ਦਾ ਯਾਰ ਅਤੇ ਬਹੁਤ ਮਿਲਾਪੜੇ ਸੁਭਾਅ ਦਾ ਮਾਲਕ ਸੀ। ਜਦੋਂ ਗਾਇਕ ਗੁਰਪ੍ਰੀਤ ਢੱਟ ਨੇ ਇੱਕ ਗੀਤ “ਖੁਫ਼ੀਆ ਰਿਪੋਰਟ ਆਈ ਲੰਡਨੋਂ,  ਜਿੱਥੇ ਤੂੰ ਕਰਾਇਆ ਜਾ ਕੇ ਵਿਆਹ ਨ੍ਹੀਂ ” ਗਾਇਆ ਤਾਂ ਉਸਦਾ ਨਾਮ ਬੱਚੇ ਬੱਚੇ ਦੀ ਜੁਬਾਨ ਤੇ ਆ ਗਿਆ‘। ਉਸ ਵਲੋਂ ਲਗਾਤਾਰ ਛੇ ਸਾਲ ਵੱਖ ਵੱਖ ਕੈਸਟਾਂ ਕੀਤੀਆਂ ਗਈਆਂ, ਜਿਨਾਂ ਵਿੱਚ ਉਸਦੇ ਗੀਤ ‘ਨਾ ਰੋਕੋ ਮੈਨੂੰ ਪੀਣ ਦਿਓ’, ‘ਖੁਫੀਆ ਰਿਪੋਰਟ ਆਈ ਲੰਡਨੋਂ’, ‘ਸਾਡੇ ਨਾਲੋਂ ਬੋਲਣੋਂ’, ‘ਗਮ ਤੇਰੇ ਵੈਰਨੇ’, ‘ਚਰਖਾ ਗਮਾਂ ਦਾ’, ‘ਰੁੱਤ ਪਿਆਰ ਦੀ’, ‘ਸੀਟੀ ਸੱਜਣਾਂ ਦੀ’, ‘ਤੇਰੇ ਜਿਹੇ ਸੱਜਣਾ’ ਨੂੰ ਆਦਿ ਪ੍ਰਮੁੱਖ ਸਨ । ਅਚਾਨਕ ਘੱਟ ਉਮਰੇ ਉਸ ਦਾ ਸੰਸਾਰ ਤੋਂ ਤੁਰ ਜਾਣਾ ਸੰਗੀਤ ਜਗਤ ਵਿਚ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ । ਸੈਂਕੜੇ ਨਮ ਅੱਖਾਂ ਨਾਲ ਉਸ ਦਾ ਅੰਤਿਮ ਸੰਸਕਾਰ ਮਕਸੂਦਾਂ ਜਲੰਧਰ ਵਿਖੇ ਕਰ ਦਿੱਤਾ ਗਿਆ, ਜਿਸ ਦੀ ਪੁਸ਼ਟੀ ਸੋਸ਼ਲ ਮੀਡੀਏ ਤੇ ਵੱਖ-ਵੱਖ ਸੰਗੀਤਕ ਖਬਰਾਂ ਵੱਲੋਂ ਕੀਤੀ ਗਈ ਹੈ । ਉਸ ਦੀ ਗਾਇਕੀ ਦੀ ਸੁਰੀਲੀ ਸੁਰ ,ਵੱਖਰਾ ਅੰਦਾਜ਼, ਮਿਠਾਸ ਭਰੀ ਆਵਾਜ਼ ਹਮੇਸ਼ਾ ਲੋਕ ਦਿਲਾਂ ਵਿੱਚ ਗੂੰਜਦੀ ਰਹੇਗੀ ਅਤੇ ਉਸਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਉਸਦੇ ਪ੍ਰਸ਼ੰਸਕ ਹਮੇਸ਼ਾ ਉਸਦੇ ਗੀਤਾਂ ਨੂੰ ਸੁਣ ਸੁਣ ਕੇ ਉਸ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਰਹਿਣਗੇ ।