ਮਸ਼ਹੂਰ ਸ਼ਾਸਤਰੀ ਗਾਇਕ ਉਸਤਾਦ ਰਾਸ਼ਿਦ ਖਾਨ (55) ਦਾ ਮੰਗਲਵਾਰ ਨੂੰ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਪ੍ਰੋਸਟੇਟ ਕੈਂਸਰ ਤੋਂ ਪੀੜਤ ਰਾਸ਼ਿਦ ਖਾਨ ਨੂੰ ਪਿਛਲੇ ਮਹੀਨੇ ਦਿਮਾਗੀ ਦੌਰਾ ਪਿਆ ਸੀ। ਉਦੋਂ ਤੋਂ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੂੰ 2006 ਵਿੱਚ ਪਦਮ ਸ਼੍ਰੀ ਅਤੇ 2022 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਮਪੁਰ-ਸਹਰਸਾ ਘਰਾਣੇ ਦੇ ਗਾਇਕ ਰਾਸ਼ਿਦ ਖਾਨ ਉਸਤਾਦ ਇਨਾਇਤ ਹੁਸੈਨ ਖਾਨ ਦੇ ਪੜਪੋਤੇ ਸਨ।
ਉਨ੍ਹਾਂ ਦੀ ਮ੍ਰਿਤਕ ਦੇਹ ਕੋਲਕਾਤਾ ਦੇ ਰਬਿੰਦਰ ਸਦਨ ‘ਚ ਰੱਖੀ ਜਾਵੇਗੀ। ਇੱਥੇ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ। 10 ਜਨਵਰੀ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਰਾਸ਼ਿਦ ਖਾਨ ਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਗੀਤ ਗਾਏ ਹਨ। ਉਸ ਦੇ ਮਸ਼ਹੂਰ ਗੀਤਾਂ ਵਿੱਚ ਕਰੀਨਾ ਕਪੂਰ ਅਤੇ ਸ਼ਾਹਿਦ ਕਪੂਰ ਦੀ ਫਿਲਮ ‘ਜਬ ਵੀ ਮੈਟ’ ਦੇ ‘ਆਓਗੇ ਜਬ ਤੁਮ ਓ ਸੱਜਣਾ’ ਸ਼ਾਮਲ ਹਨ। ਇਸ ਤੋਂ ਇਲਾਵਾ ਉਸ ਨੇ ਫਿਲਮ ‘ਕਿਸਨਾ : ਦਿ ਵਾਰੀਅਰ ਪੋਇਟ’ ਦੇ ਗੀਤ ‘ਕਹੇ ਉਜਾੜੀ ਮੋਰੀ ਨੀਂਦ, ਤੋਰੇ ਬੀਨਾ ਮੋਹੇ ਚੈਨ ਨਹੀਂ’, ਫਿਲਮ ‘ਮਾਈ ਨੇਮ ਇਜ਼ ਖਾਨ’ ਦੇ ਅੱਲ੍ਹਾ ਹੀ ਰਹਿਮ, ਫਿਲਮ ‘ਤੂੰ ਬਣਜਾ ਗਲੀ ਸੰਗ’ ‘ਸ਼ਾਦੀ ਮੈਂ ਜ਼ਰੂਰ ਆਨਾ’ ਆਦਿ ਗੀਤ ਗਾਏ।