ਫਤਿਹਗੜ੍ਹ ਸਾਹਿਬ ਦੇ ਖੇੜੀ ਨੌਧ ਸਿੰਘ ਇਲਾਕੇ ‘ਚ ਚਾਕਲੇਟ ਖਾਣ ਨਾਲ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ। ਪਰਿਵਾਰ ਨੇ ਬੱਚੇ ਦੀ ਮੌਤ ਦਾ ਕਾਰਨ ਚਾਕਲੇਟ ਦੱਸਿਆ ਹੈ। ਫਿਲਹਾਲ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਇਆ ਹੈ ਤਾਂ ਜੋ ਅਸਲ ਕਾਰਨ ਸਾਹਮਣੇ ਆ ਸਕੇ।
ਖੇੜੀ ਨੌਧ ਸਿੰਘ ਦੇ ਪਿੰਡ ਮੁਸਤਫਾਬਾਦ ਵਾਸੀ ਸਰਵਣ ਸਿੰਘ ਨੇ ਦੱਸਿਆ ਕਿ ਉਸ ਦਾ ਤਿੰਨ ਸਾਲਾ ਪੋਤਾ ਫਤਿਹ ਸਿੰਘ ਮੰਗਲਵਾਰ ਨੂੰ ਪਿੰਡ ਦੀ ਦੁਕਾਨ ਤੋਂ ਚਾਕਲੇਟ ਖਰੀਦਣ ਗਿਆ ਸੀ। ਇਸ ਚਾਕਲੇਟ ਨੂੰ ਖਾਣ ਦੇ ਕੁਝ ਸਮੇਂ ਬਾਅਦ ਬੱਚੇ ਦਾ ਸਰੀਰ ਨੀਲਾ ਹੋਣ ਲੱਗਾ। ਜਿਸ ਤੋਂ ਤੁਰੰਤ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਉਥੋਂ ਉਸ ਨੂੰ ਫਤਹਿਗੜ੍ਹ ਸਾਹਿਬ ਰੈਫਰ ਕਰ ਦਿੱਤਾ ਗਿਆ। ਫਤਿਹਗੜ੍ਹ ਸਾਹਿਬ ਵਿੱਚ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਸਰਵਣ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਵੀ ਇਸੇ ਕਾਰਨ ਕਰਵਾਉਣ ਲੱਗੇ ਹਨ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਚਾਕਲੇਟ ਵਿੱਚ ਅਜਿਹਾ ਕੀ ਸੀ ਜਿਸ ਕਾਰਨ ਬੱਚੇ ਦੀ ਮੌਤ ਹੋਈ।
ਦੱਸਿਆ ਜਾ ਰਿਹਾ ਹੈ ਕਿ ਫਤਿਹ ਸਿੰਘ ਦੇ ਪਿਤਾ ਮਲੇਸ਼ੀਆ ਗਏ ਹੋਏ ਹਨ। ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਦਾਦੇ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।