ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ 11ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਸਹੁੰ ਚੁੱਕਣ ਤੋਂ ਪਹਿਲਾਂ ਉਨ੍ਹਾਂ ਨੇ ਮੰਚ ‘ਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੈਰ ਛੂਹੇ। ਉਨ੍ਹਾਂ ਨਾਲ 5 ਮੰਤਰੀਆਂ ਨੇ ਸਹੁੰ ਚੁੱਕੀ ਹੈ। ਇਹ ਪੰਜੇ ਖੱਟਰ ਮੰਤਰੀ ਮੰਡਲ ਵਿੱਚ ਵੀ ਸਨ। ਸੈਣੀ ਨੂੰ 27 ਅਕਤੂਬਰ 2023 ਨੂੰ ਹਰਿਆਣਾ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਸੀ।
ਕੰਵਰਪਾਲ ਗੁਰਜਰ ਨੇ ਮੰਤਰੀ ਵਜੋਂ ਸਹੁੰ ਚੁੱਕੀ। ਉਹ ਮਨੋਹਰ ਲਾਲ ਮੰਤਰੀ ਮੰਡਲ ਵਿੱਚ ਸਿੱਖਿਆ ਮੰਤਰੀ ਵੀ ਰਹੇ। ਮੂਲਚੰਦ ਸ਼ਰਮਾ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਮੂਲਚੰਦ ਸ਼ਰਮਾ ਪਿਛਲੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਸਨ। ਇਸ ਦੇ ਨਾਲ ਹੀ ਮਨੋਹਰ ਸਰਕਾਰ ਵਿੱਚ ਬਿਜਲੀ ਮੰਤਰੀ ਰਹੇ ਰਣਜੀਤ ਸਿੰਘ ਚੌਟਾਲਾ ਨੇ ਵੀ ਨਵੀਂ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ।ਜੇਪੀ ਦਲਾਲ ਨੂੰ ਵੀ ਮੰਤਰੀ ਮੰਡਲ ਵਿੱਚ ਥਾਂ ਮਿਲੀ ਹੈ। ਉਹ ਮਨੋਹਰ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਸਨ। ਬਨਵਾਰੀ ਲਾਲ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਡਾ: ਬਨਵਾਰੀ ਲਾਲ ਪਿਛਲੀ ਸਰਕਾਰ ਵਿੱਚ ਸਹਿਕਾਰਤਾ ਮੰਤਰੀ ਸਨ।
ਦੱਸ ਦਈਏ ਕਿ ਸੈਣੀ ਨੂੰ ਮੰਗਲਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਅਸਤੀਫੇ ਤੋਂ ਬਾਅਦ ਵਿਧਾਇਕ ਦਲ ਦੀ ਬੈਠਕ ‘ਚ ਨੇਤਾ ਚੁਣਿਆ ਗਿਆ। ਇਸ ਤੋਂ ਬਾਅਦ 54 ਸਾਲਾ ਨਾਇਬ ਸਿੰਘ ਸੈਣੀ ਨੇ ਰਾਜ ਭਵਨ ਪਹੁੰਚ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਸੈਣੀ ਨੇ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ‘ਤੇ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਦਾ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦਾ ਗਠਜੋੜ ਟੁੱਟਣ ਤੋਂ ਬਾਅਦ ਮਨੋਹਰ ਲਾਲ ਨੇ ਮੰਗਲਵਾਰ ਸਵੇਰੇ 11.50 ਵਜੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਇਸ ਤੋਂ ਬਾਅਦ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ ਸੀ।