AMRIT VELE DA HUKAMNAMA SRI DARBAR SAHIB AMRITSAR, ANG 553, 09-04-2024
ਸਲੋਕੁ ਮਰਦਾਨਾ ੧ ॥ ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥ ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥ ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥
ਕਲਿ = ਕਲਜੁਗੀ ਸੁਭਾਉ , ਪ੍ਰਭੂ ਨਾਲੋਂ ਵਿਛੋੜੇ ਦੀ ਹਾਲਤ। ਕਲਵਾਲੀ = ਸ਼ਰਾਬ ਕੱਢਣ ਵਾਲੀ ਮੱਟੀ। ਮਦੁ = ਸ਼ਰਾਬ। ਮੋਹਿ = ਮੋਹ ਨਾਲ। ਮਜਲਸ = ਮਹਿਫ਼ਲ। ਲਾਹਣਿ = ਸੱਕ ਗੁੜ ਪਾਣੀ ਆਦਿਕ ਜੋ ਰਲਾ ਕੇ ਮਿੱਟੀ ਵਿਚ ਪਾ ਕੇ ਰੂੜੀ ਵਿਚ ਦੱਬ ਕੇ ਤਰਕਾ ਲੈਂਦੇ ਹਨ। ਸਤੁ = ਸੱਚ। ਸਰਾ = ਸ਼ਰਾਬ। ਸਾਰੁ = ਸ੍ਰੇਸ਼ਟ। ਮੰਡੇ = ਰੋਟੀਆਂ। ਸੀਲ = ਚੰਗਾ ਸੁਭਾਉ। ਸਰਮੁ = ਹਯਾ। ਆਹਾਰੁ = ਖ਼ੁਰਾਕ।
ਕਲਜੁਗੀ ਸੁਭਾਉ (ਮਾਨੋ) (ਸ਼ਰਾਬ ਕੱਢਣ ਵਾਲੀ) ਮੱਟੀ ਹੈ ; ਕਾਮ (ਮਾਨੋ) ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ (ਮਨੁੱਖ ਦਾ) ਮਨ ਹੈ। ਮੋਹ ਨਾਲ ਭਰੀ ਹੋਈ ਕ੍ਰੋਧ ਦੀ (ਮਾਨੋ) ਕਟੋਰੀ ਹੈ ਤੇ ਅਹੰਕਾਰ (ਮਾਨੋ) ਪਿਲਾਉਣ ਵਾਲਾ ਹੈ। ਕੂੜੇ ਲੱਬ ਦੀ (ਮਾਨੋ) ਮਜਲਸ ਹੈ (ਜਿਸ ਵਿਚ ਬਹਿ ਕੇ) ਮਨ (ਕਾਮ ਦੀ ਸ਼ਰਾਬ ਨੂੰ) ਪੀ ਪੀ ਕੇ ਖ਼ੁਆਰ ਹੁੰਦਾ ਹੈ। ਚੰਗੀ ਕਰਣੀ ਨੂੰ (ਸ਼ਰਾਬ ਕੱਢਣ ਵਾਲੀ) ਲਾਹਣ, ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ਟ ਸ਼ਰਾਬ ਬਣਾ! ਗੁਣਾਂ ਨੂੰ ਮੰਡੇ, ਸੀਤਲ ਸੁਭਾਉ ਨੂੰ ਘਿਉ ਤੇ ਸ਼ਰਮ ਨੂੰ ਮਾਸ ਵਾਲੀ (ਇਹ ਸਾਰੀ) ਖ਼ੁਰਾਕ ਬਣਾ! ਹੇ ਨਾਨਕ! ਇਹ ਖ਼ੁਰਾਕ ਸਤਿਗੁਰੂ ਦੇ ਸਨਮੁਖ ਹੋਇਆਂ ਮਿਲਦੀ ਹੈ ਤੇ ਇਸ ਦੇ ਖਾਧਿਆਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ ॥੧॥