ਸੋਮਵਾਰ ਦੀ ਦੇਰ ਸ਼ਾਮ ਸਿਡਨੀ ਦੇ Fairfield ਇਲਾਕੇ ਦੀ Christ the Good Shepherd ਚਰਚ ਵਿੱਚ ਹੋਏ ਚਾਕੂ ਹਮਲੇ ਨੇ ਇੱਕ ਵਾਰ ਫਿਰ ਤੋਂ ਦਹਿਲਾ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿੱਚ ਚਰਚ ਦੇ ਪਾਦਰੀ Mar Mari Emmanuel ਤੋਂ ਇਲਾਵਾ 3 ਹੋਰ ਲੋਕ ਜ਼ਖ਼ਮੀ ਹੋਏ ਹਨ। ਹਾਲਾਂਕਿ ਪੁਲਿਸ ਅਨੁਸਾਰ ਕੋਈ ਵੀ ਜਾਨਲੇਵਾ ਜ਼ਖ਼ਮੀ ਨਹੀਂ ਹੈ। ਪਾਦਰੀ ਦੇ ਸ਼ਰੀਰ ਦੇ ਉਤਲੇ ਹਿੱਸੇ ‘ਤੇ ਵਾਰ ਕੀਤੇ ਗਏ ਹਨ। ਪੁਲਿਸ ਨੇ ਇੱਕ 16 ਸਾਲਾਂ ਲੜਕੇ ਨੂੰ ਕਥਿਤ ਇਲਜ਼ਾਮ ਤਹਿਤ ਇੱਕ ਬਗੈਰ ਦੱਸੀ ਥਾਂ ਤੋਂ ਗ੍ਰਿਫਤਾਰ ਕੀਤਾ ਹੈ।
ਪੁਲਿਸ ਅਨੁਸਾਰ ਇਹ ਧਾਰਮਿਕ ਤੌਰ ‘ਤੇ ਪ੍ਰੇਰਿਤ ਨਫਰਤੀ ਹਮਲਾ ਹੋ ਸਕਦਾ ਹੈ। ਪਰ ਹਾਲੇ ਮੀਡੀਆ ਵਿੱਚ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ। ਹਮਲਾ ਹੋਣ ਤੋਂ ਬਾਅਦ 100 ਦੇ ਕਰੀਬ ਪੁਲਿਸ ਕਰਮੀਆਂ ਨੇ ਇਲਾਕੇ ਨੂੰ ਘੇਰ ਲਿਆ।
ਹਾਲੇ ਇਸ ਹਮਲੇ ਤੋਂ ਦੋ ਦਿਨ ਪਹਿਲਾਂ ਹੀ ਸਿਡਨੀ ਦੇ ਹੀ Bondi Junction ਇਲਾਕੇ ਦੇ ਸ਼ਾਪਿੰਗ ਮਾਲ ਵਿੱਚ ਵੀ ਚਾਕੂ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਹਮਲਾਵਰ ਸਣੇ 6 ਲੋਕ ਹਲਾਕ ਹੋ ਗਏ ਸਨ।
ਕੌਣ ਸੀ ਪਾਦਰੀ?
Assyrian Orthodox Bishop Mar Mari Emmanuel 1970ਵਿਆਂ ਦੇ ਦਹਾਕੇ ਵਿੱਚ ਇਰਾਕ ਤੋਂ ਆਸਟ੍ਰੇਲੀਆ ਆਇਆ ਸੀ। ਸਾਲ 2009 ‘ਚ ਉਹ ਪਾਦਰੀ ਬਣੇ ਅਤੇ ਮਗਰੋਂ 2011 ‘ਚ Wakeley ਦੀ ਚਰਚ ‘ਚ Bishop ਦੀ ਉਪਾਧੀ ਮਿਲੀ। ਅਸਲ ਵਿੱਚ Assyrian ਚਰਚ ਕੈਥੋਲਿਕ ਧਰਮ ਦੀ ਕੱਟੜ ਵਿਚਾਰਧਾਰਾ ਨੂੰ ਮੰਨਦੇ ਹਨ।
Bishop Emmanuel ਉਂਝ ਸੋਸ਼ਲ ਮੀਡੀਆ ‘ਤੇ ਵੀ ਖਾਸੇ ਚਰਚਿਤ ਹਨ। ਉਹਨਾਂ ਦੇ instagram ‘ਤੇ 158,000 ਅਤੇ Youtube ‘ਤੇ 203K ਸਬਸਕਰਾਈਬਰ ਹਨ, ਜਿਹਨਾਂ ਨਾਲ ਉਹ live streams ਅਤੇ ਚਰਚ ਦੀਆਂ ਵੀਡੀਓ ਸਾਂਝੀਆਂ ਕਰਦੇ ਹਨ। ਕੋਰੋਨਾ ਕਾਲ ਦਰਮਿਆਨ ਉਹ ਖਾਸੀ ਚਰਚਾ ਵਿੱਚ ਆਏ ਸਨ, ਜਦੋ ਉਹਨਾਂ ਨੇ ਕੋਵਿਡ ਟੀਕਿਆਂ ਨੂੰ ਇਸਾਈ ਧਰਮ ਦੇ ਖਿਲਾਫ਼ ਦੱਸਿਆ ਸੀ।