ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਇਕ ਯਾਤਰੀ ਵੈਨ ਅਤੇ ਟਰੱਕ ਦੀ ਟੱਕਰ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਇੱਕੋ ਪਰਿਵਾਰ ਦੇ 13 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ‘ਚ 9 ਹੋਰ ਲੋਕ ਵੀ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਇਹ ਹਾਦਸਾ ਲਾਹੌਰ ਤੋਂ ਕਰੀਬ 350 ਕਿਲੋਮੀਟਰ ਦੂਰ ਮੁਜ਼ੱਫਰਗੜ੍ਹ ਜ਼ਿਲ੍ਹੇ ਵਿੱਚ ਵਾਪਰਿਆ।ਐਮਰਜੈਂਸੀ ਸੇਵਾ 1122 ਮੁਤਾਬਕ ਯਾਤਰੀ ਵੈਨ ਅਤੇ ਟਰੱਕ ਵਿਚਾਲੇ ਹੋਈ ਟੱਕਰ ਇੰਨੀ ਭਿਆਨਕ ਸੀ ਕਿ ਕਈ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਬਚਾਅ ਦਲ ਅਤੇ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ 11 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਬਾਕੀ ਦੋ ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਸਾਰੇ ਇੱਕੋ ਪਰਿਵਾਰ ਨਾਲ ਸਬੰਧਤ
ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਸਾਰੇ 13 ਲੋਕ ਇੱਕ ਹੀ ਪਰਿਵਾਰ ਦੇ ਮੈਂਬਰ ਸਨ। ਉਨ੍ਹਾਂ ਅੱਗੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਚਾਰ ਔਰਤਾਂ ਅਤੇ ਤਿੰਨ ਬੱਚੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੀੜਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਮੁਲਤਾਨ ਜਾ ਰਹੇ ਸਨ। ਐਮਰਜੈਂਸੀ ਸੇਵਾਵਾਂ ਮੁਤਾਬਕ ਨੌਂ ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ।
ਪੁਲਿਸ ਨੇ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫ਼ਤਾਰ
ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ‘ਚ ਟਰੱਕ ਚਾਲਕ ਖਿ਼ਲਾਫ਼ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਹੈ। ਡਰਾਈਵਰ ਨੇ ਦੱਸਿਆ ਕਿ ਇਹ ਹਾਦਸਾ ਟਰੱਕ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ। ਉਸ ਨੇ ਅੱਗੇ ਦੱਸਿਆ ਕਿ ਉਸ ਦਾ ਵਾਹਨ ‘ਤੇ ਕੰਟਰੋਲ ਗੁਆਚ ਗਿਆ, ਜਿਸ ਤੋਂ ਬਾਅਦ ਟਰੱਕ ਯਾਤਰੀ ਵੈਨ ਨਾਲ ਟਕਰਾ ਗਿਆ।