Home » ਇਟਲੀ ਵਿੱਚ 2  ਖੇਤੀਬਾੜੀ ਕੰਪਨੀਆਂ ਤੋਂ ਪੁਲਸ ਨੇ ਕੈਦ ਕੀਤੇ 33 ਭਾਰਤੀ ਕਾਮਿਆਂ ਨੂੰ ਕਰਵਾਇਆ ਆਜ਼ਾਦ,ਭਾਰਤ ਨਾਲ ਸੰਬਧਤ ਖੇਤੀਬਾੜੀ ਮਾਲਕ…
Home Page News India India News World World News

ਇਟਲੀ ਵਿੱਚ 2  ਖੇਤੀਬਾੜੀ ਕੰਪਨੀਆਂ ਤੋਂ ਪੁਲਸ ਨੇ ਕੈਦ ਕੀਤੇ 33 ਭਾਰਤੀ ਕਾਮਿਆਂ ਨੂੰ ਕਰਵਾਇਆ ਆਜ਼ਾਦ,ਭਾਰਤ ਨਾਲ ਸੰਬਧਤ ਖੇਤੀਬਾੜੀ ਮਾਲਕ…

Spread the news

ਲਾਸੀਓ ਸੂਬੇ ਵਿੱਚ ਕੰਮ ਦੇ ਮਾਲਕ ਦੀ ਅਣਗਹਿਲੀ ਨਾਲ ਮੌਤ ਦੇ ਮੂੰਹ ਵਿੱਚ ਗਏ ਸਤਨਾਮ ਸਿੰਘ ਦੀ ਮੌਤ ਨੇ ਦੇਸ਼ ਭਰ ਦੇ ਪੁਲਸ ਪ੍ਰਸ਼ਾਸ਼ਨ ਨੂੰ ਚੌਕੰਨਾ ਕਰ ਦਿੱਤਾ ਹੈ ਜਿਸ ਦੇ ਮੱਦੇ ਨਜ਼ਰ ਦੇਸ਼ ਦੇ ਕੋਨੇ-ਕੋਨੇ ਵਿੱਚ ਤਮਾਮ ਖੇਤੀ ਫਾਰਮਾਂ ਵਿੱਚ ਪੁਲਸ ਪ੍ਰਸ਼ਾਸ਼ਨ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।ਪੁਲਸ ਪ੍ਰਸ਼ਾਸ਼ਨ ਨੂੰ ਕਿਰਤੀਆਂ ਦੇ ਸੋ਼ਸ਼ਣ ਖਿਲਾਫ਼ ਵਿੱਢੀ ਮੁਹਿੰਮ ਨੂੰ ਵੱਡੀ ਸਫ਼ਲਤਾ ਉਂਦੋ ਮਿਲੀ ਜਦੋਂ ਵਿਰੋਨਾ ਦੀ ਪੁਲਸ ਗੁਆਰਦੀਆ ਦੀ ਫਿਨਾਨਸਾ ਨੇ 33 ਭਾਰਤੀ ਮਜ਼ਦੂਰਾਂ ਨੂੰ 2 ਖੇਤੀ ਫਾਰਮਾਂ ਦੇ ਮਾਲਕਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਇਆ ਕਿਉਂਕਿ ਪੁਲਸ ਅਨੁਸਾਰ ਇਹਨਾਂ ਕਾਮਿਆਂ ਨੂੰ ਦੋ ਭਾਰਤੀ ਮੂਲ ਦੇ ਖੇਤੀਬਾੜੀ ਦਾ ਕੰਮ ਕਰਦੇ ਮਾਲਕਾਂ ਨੇ ਗੁਲਾਮ ਬਣਾ ਰੱਖਿਆ ਹੋਇਆ ਸੀ।ਇਟਲੀ ਦੇ ਰਾਸ਼ਟਰੀ ਇਟਾਲੀਅਨ ਮੀਡੀਏ ਵਿੱਚ ਨਸ਼ਰ ਹੋਈ ਜਾਣਕਾਰੀ ਅਨੁਸਾਰ ਇਟਲੀ ਦੇ ਜਿ਼ਲ੍ਹਾ ਵਿਰੋਨਾ ਦੇ ਸਹਿਰ ਕੋਲੋਨੀਆ (ਵਿਨੇਤਾ)ਵਿਖੇ ਦੋ ਖੇਤੀਬਾੜੀ ਕੰਪਨੀਆਂ ਨੇ 33 ਭਾਰਤੀ ਕਾਮਿਆਂ ਨੂੰ ਗੁਲਾਮ ਬਣਾ ਕੇ ਉਹਨਾਂ ਤੋਂ ਕੰਮ ਕਰਵਾਉਣ ਕਥਿਤ ਦੋਸ਼ ਉਜਾਗਰ ਹੋ ਰਹੇ ਹਨ।ਮਿਲੀ ਜਾਣਕਾਰੀ ਅਨੁਸਾਰ 33 ਭਾਰਤੀ ਕਾਮੇ ਚੰਗੇ ਭੱਵਿਖ ਲਈ ਕਰਜ਼ਾ ਚੁੱਕ ਇਟਲੀ ਆਏ ਜਿੱਥੇ ਭਾਰਤੀ ਮੂਲ ਦੇ 2 ਭਾਰਤੀ ਜਿਹਨਾਂ ਨੇ ਇਹਨਾਂ ਮਜ਼ਦੂਰਾਂ ਤੋਂ ਇਟਲੀ ਬੁਲਾਉਣ ਦਾ 17000 ਯੂਰੋ ਇੱਕ ਬੰਦੇ ਦਾ ਵਸੂਲ ਕੀਤਾ ।ਕਈ ਕਾਮਿਆਂ ਕੋਲ ਇੰਨੇ ਯੂਰੋ ਨਾ ਹੋਣ ਕਾਰਨ ਉਹਨਾਂ ਦੀਆਂ ਭਾਰਤ ਵਿੱਚ ਸਥਿਤ ਜਾਇਦਾਦਾਂ ਉਪੱਰ ਕਰਜ਼ਾ ਦਿੱਤਾ ਗਿਆ।ਇਹ ਕਾਮੇ ਜਦੋਂ ਭਾਰਤ ਤੋਂ ਕੰਮ ਵਾਲੇ ਪੇਪਰਾਂ ਉਪੱਰ ਇਟਲੀ ਆ ਗਏ ਤਾਂ ਇਹਨਾਂ ਦੋਨਾਂ ਖੇਤੀਬਾੜੀ ਕੰਪਨੀਆਂ ਦੇ ਮਾਲਕਾਂ ਨੇ ਉਹਨਾਂ ਨੂੰ ਰਿਹਾਇਸ ਦੇਣ ਦੇ ਨਾਮ ਉਪੱਰ ਆਪਣੇ ਤਿਆਰ ਕੀਤੇ ਨਾ ਰਹਿਣ ਯੋਗ ਘਰਾਂ ਵਿੱਚ ਗੁਲਾਮ ਬਣਾ ਬਿਨ੍ਹਾਂ ਤਨਖਾਹ 10-12 ਘੰਟੇ ਕੰਮ ਹਫ਼ਤੇ ਦੇ 7 ਦਿਨ ਹੀ ਕਰਵਾਉਣਾ ਸ਼ੁਰੂ ਕਰ ਦਿੱਤਾ।ਕਾਮਿਆਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਇਟਲੀ ਵਿੱਚ ਕੱਚੇ ਹਨ ਜੇਕਰ ਪੱਕੇ ਹੋਣਾ ਹੈ ਤਾਂ ਉਹਨਾਂ ਭਾਰਤੀ ਮੂਲ ਦੇ ਖੇਤੀਬਾੜੀ ਮਾਲਕਾਂ ਨੂੰ 13000 ਯੂਰੋ ਦੇਣਾ ਪਵੇਗਾ ਜਿਸ ਕੋਲ ਨਹੀ ਹੈ ਉਹ 4 ਯੂਰੋ ਘੰਟੇ ਦੇ ਹਿਸਾਬ ਨਾਲ ਉਹਨਾਂ ਕੋਲ 10-12 ਘੰਟੇ ਕੰਮ ਕਰੇ।33 ਭਾਰਤੀ ਕਾਮੇ ਨਾ ਚਾਹੁੰਦੇ ਹੋਏ ਵੀ ਇਹਨਾਂ ਸ਼ੈਤਾਨ ਬਣੇ ਆਪਣੇ ਭਾਰਤੀਆਂ ਕੋਲ ਫਸ ਗਏ ਕਿਉਂਕਿ ਉਨ੍ਹਾਂ ਦੇ ਪਾਸਪੋਰਟ ਪਹਿਲਾਂ ਹੀ ਖੋਹ ਲਏ ਸਨ।ਇਟਾਲੀਅਨ ਮਾਲਕ ਤਾਂ ਪ੍ਰਵਾਸੀਆਂ ਦਾ ਸ਼ੋਸ਼ਣ ਕਰ ਕਰਦੇ ਹਨ ਪਰ ਭਾਰਤੀ ਮੂਲ ਦੇ ਕੰਮ ਦੇ ਮਾਲਕਾਂ ਦੀ ਇਸ ਜਗੋ ਤੇਰਵੀਂ ਕਾਰਵਾਈ ਨੇ ਇਟਲੀ ਦੇ ਭਾਰਤੀ ਭਾਈਚਾਰੇ ਦੇ ਪੈਰਾਂ ਹੇਠੋਂ ਜਮੀਨ ਹਿਲਾ ਦਿੱਤਾ ਹੈ ਜਿਸ ਪ੍ਰਤੀ ਪੁਲਸ ਪ੍ਰਸ਼ਾਸ਼ਨ ਵੀ ਹੈਰਾਨ ਹੈ ਕਿ ਲਾਲਚ ਵੱਸ ਭਾਰਤੀ ਲੋਕ ਕਿਹੜੇ ਰਾਹ ਪੈ ਰਹੇ ਹਨ ਤੇ ਆਪਣੇ ਹੀ ਦੇਸ਼ਵਾਸੀਆਂ ਨਾਲ ਜਾਨਵਰਾਂ ਤੋਂ ਵੀ ਬੁਰਾ ਸਲੂਕ ਕਰਨ ਲੱਗੇ ਹਨ।ਇਹ ਕੰਮ ਵਾਲੇ ਮਾਲਕ ਭਾਰਤੀ ਕਾਮਿਆਂ ਨੂੰ ਜਿਹਨਾਂ ਰਿਹਾਇਸਾਂ ਵਿੱਚ ਗੁਲਾਮ ਵਾਂਗਰਾਂ ਕੈਦ ਕਰਕੇ ਰੱਖ ਰਹੇ ਸਨ ਉੱਥੇ ਰਹਿਣਾ ਬਿਮਾਰੀਆਂ ਨੂੰ ਸੱਦਾ ਦੇਣਾ ਸੀ।ਪੁਲਸ ਨੇ ਜਿੱਥੇ ਇਹਨਾਂ 33 ਭਾਰਤੀ ਕਾਮਿਆਂ ਨੂੰ ਯੂਰਪ ਆਕੇ ਵੀ ਨਰਕ ਭਰੀ ਜਿੰਦਗੀ ਤੋਂ ਆਜ਼ਾਦ ਕਰਵਾਇਆ ਉੱਥੇ ਇਸ ਸਾਰੇ ਛੰੜਯੰਤਰ ਨੂੰ ਅੰਜਾਮ ਦੇਣ ਵਾਲੇ 2 ਭਾਰਤੀ ਮੂਲ ਦੇ ਮਾਲਕਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ।33 ਭਾਰਤੀ ਕਾਮਿਆਂ ਨੂੰ ਗੁਲਾਮ ਬਣਾ ਕੰਮ ਕਰਵਾਉਣ ਦੇ ਜਗ ਜ਼ਾਹਿਰ ਹੋਣ ਤੋਂ ਬਆਦ ਚੁਫੇਰਿਓ ਇਟਲੀ ਦੀਆਂ ਮਜ਼ਦੂਰ ਜੱਥੇਬੰਦੀਆਂ ਤੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਇਸ ਘਟਨਾ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਤਿੱਖੀ ਅਲੌਚਨਾ ਕੀਤੀ ਹੈ ਤੇ ਦੋਸ਼ੀਆਂ ਖਿਲਾਫ਼ ਸਖ਼ਤ ਕਰਵਾਈ ਦੀ ਮੰਗ ਕੀਤੀ ਹੈ।ਪੁਲਸ ਵੱਲੋਂ ਦੋਸ਼ੀਆਂ ਤੋਂ 475 ਹਜ਼ਾਰ ਯੂਰੋ ਦੀ ਜਾਇਦਾਦ ਜਬਤ ਕਰਕੇ ਹੋਰ ਛਾਣਬੀਨ ਕੀਤੀ ਜਾ ਰਹੀ ਹੈ।