ਪਿਛਲੇ ਦਿਨ੍ਹੀਂ ਆਈ ਬਾਰਿਸ਼ ਕਾਰਨ ਬੇਸ਼ੱਕ ਲੋਕਾਂ ਨੂੰ ਇੱਕ ਦੋ ਦਿਨ ਰਾਹਤ ਮਿਲੀ ਪਰ ਹੁਣ ਮੁੜ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ ਪੰਜਾਬ ਖੇਤੀਬਾੜ੍ਹੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਡਾ.ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਦਿਨ ਦਾ ਤਾਪਮਨ ਪਹਿਲਾਂ ਨਾਲੋਂ ਕਾਫੀ ਵਧ ਰਿਹਾ ਹੈ। ਡਾ.ਗਿੱਲ ਨੇ ਦੱਸਿਆ ਕਿ ਮੌਨਸੂਨ ਦੀ ਬਰੇਕ ਕਾਰਨ ਹੀ ਮੌਸਮ ਨੇ ਕਰਵਟ ਬਦਲੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦੋ ਤਿੰਨ ਦਿਨ ਅਜੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਹੁੰਮਸ ਭਰੀ ਗਰਮੀ ਦਾ ਮੌਸਮ ਇਸੇ ਤਰ੍ਹਾਂ ਬਣਿਆ ਰਹਿ ਸਕਦਾ ਹੈ। ਉੱਧਰ ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਵੀ ਵੱਖ ਵੱਖ ਜ਼ਿਲ੍ਹਿਆਂ ’ਚ ਤਾਪਮਾਨ ਵਿੱਚ ਵਾਧਾ ਹੋਇਆ ਹੈ। ਪੰਜਾਬ ਦਾ ਜ਼ਿਲ੍ਹਾ ਪਠਾਨਕੋਟ ਸਭ ਤੋਂ ਵੱਧ ਗਰਮ ਰਿਹਾ ਜਿੱਥੇ 39.9 ਡਿਗਰੀ ਸੈਲਸੀਅਸ ਤਾਪਮਾਨ ਰਿਕਾਰ਼ਡ ਕੀਤਾ ਗਿਆ। ਚੰਡੀਗੜ੍ਹ ਦਾ ਤਾਪਮਾਨ 37.3, ਅੰਮ੍ਰਿਤਸਰ ਦਾ ਤਾਪਮਾਨ 37.0, ਲੁਧਿਆਣੇ ਦਾ ਤਾਪਮਾਨ 35.6, ਪਟਿਆਲੇ ਦਾ ਤਾਪਮਾਨ 38.2, ਬਠਿੰਡੇ ਦਾ ਤਾਪਮਾਨ 36.2, ਫਰੀਦਕੋਟ ਦਾ ਤਾਪਮਾਨ 35.5, ਗੁਰਦਾਸਪੁਰ ਦਾ ਤਾਪਮਾਨ 38.0, ਫਤਿਹਗੜ੍ਹ ਸਾਹਿਬ ਦਾ ਤਾਪਮਾਨ 37.0 ਅਤੇ ਫਿਰੋਜਪੁਰ ਦਾ ਤਾਪਮਾਨ 36.1 ਰਿਹਾ।