ਆਕਲੈਂਡ: ਨਿਊਜ਼ੀਲੈਂਡ ਵਿੱਚ ਵਸਦੇ ਮੋਢੀ ਪੰਜਾਬੀ ਪਰਿਵਾਰਾਂ ਵਿੱਚੋਂ ਇੱਕ ਬਸਰਾ ਪਰਿਵਾਰ ਨੂੰ ਉਸ ਵੇਲੇ ਸਦਮਾ ਪਹੁੰਚਾ ਜਦੋਂ ਉਹਨਾਂ ਦੇ ਪਰਿਵਾਰ ਦੇ ਵਡੇਰੀ ਉਮਰ ਦੇ ਬੀਬੀ ਬਖਸ਼ੋ ਬਸਰਾ ਜੀ ਇਸ ਫਾਨੀ ਦੁਨੀਆਂ ਨੂੰ ਲਗਭਗ 83 ਸਾਲਾਂ ਦੀ ਆਯੂ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਲੰਘੇ ਐਤਵਾਰ ਸੰਖੇਪ ਬਿਮਾਰੀ ਤੋਂ ਬਾਅਦ ਉਹਨਾਂ ਨੇ ਅੰਤਿਮ ਸਾਹ ਲਿਆ। ਬੀਬੀ ਹੋਰਾਂ ਦੇ ਪੇਕੇ ਬੰਗਾ ਅਤੇ ਸਹੁਰੇ ਫਗਵਾੜਾ ਨਾਲ ਸੰਬੰਧਿਤ ਹਨ। ਕੁਁਝ ਵਰੇ ਪਹਿਲਾਂ ਉਹਨਾਂ ਦੇ ਪਤੀ ਸ. ਅਮਰੀਕ ਸਿੰਘ ਬਸਰਾ ਸਵਰਗਵਾਸ ਹੋ ਗਏ ਸਨ ਉਹ ਇੱਥੇ ਆਪਣੇ ਬੱਚਿਆਂ ਕੋਲ ਲੰਮਾ ਸਮਾਂ ਰਹਿੰਦੇ ਰਹੇ। ਬੀਬੀ ਹੋਰੀਂ ਆਪਣੇ ਪਰਿਵਾਰ ਵਿੱਚ ਦੋ ਸਪੁੱਤਰ (ਹਰਦੀਪ ਸਿੰਘ ਬਸਰਾ ਅਤੇ ਹਰਵਿੰਦਰ ਸਿੰਘ ਬਸਰਾ) ਅਤੇ ਇੱਕ ਸਪੁੱਤਰੀ (ਸੁਖਵਿੰਦਰ ਕੌਰ ਬਾਠ) ਤੋਂ ਇਲਾਵਾ ਪੋਤੇ ਪੋਤੀਆਂ ਅਤੇ ਦੋਹਤੇ ਦੋਹਤੀਆਂ ਦੇ ਸੰਗ ਮਿਆਰੀ ਜੀਵਨ ਬਤੀਤ ਕੀਤਾ। ਇਸ ਮੌਕੇ ਉਹਨਾਂ ਦੀਆਂ ਨੂੰਹ ਰਾਣੀਆਂ (ਸਰਬਜੀਤ ਕੌਰ ਅਤੇ ਚਰਨਜੀਤ ਕੌਰ) ਤੋਂ ਇਲਾਵਾ ਉਨਾਂ ਦੇ ਦਮਾਦ ਸ. ਮਨਜੀਤ ਸਿੰਘ ਬਾਠ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਬੀ ਹੋਰਾਂ ਦਾ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਪਾਪਾਟੋਏਟੋਏ ਦੀ ਸੰਗਤ ਨਾਲ ਬਹੁਤ ਜਿਆਦਾ ਸਹਿਚਾਰ ਸੀ।
ਪਰਿਵਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਬੀਬੀ ਬਖਸ਼ੋ ਬਸਰਾ ਜੀ ਦੇ ਅੰਤਿਮ ਸੰਸਕਾਰ ਮੈਨਕਾਓ ਮੈਮੋਰੀਅਲ ਗਾਰਡਨ ਪੂਈਨੂਈ ਰੋਡ, ਪਾਪਾਟੋਏਟੋਏ ਵਿਖੇ ਸ਼ੁਕਰਵਾਰ ਬਾਅਦ ਦੁਪਹਿਰ 1 ਵਜੇ ਕੀਤੇ ਜਾਣਗੇ। ਪਰਿਵਾਰ ਵੱਲੋਂ ਗੱਲਬਾਤ ਕਰਦਿਆਂ ਵੀਰ ਹਰਦੀਪ ਸਿੰਘ ਬਸਰਾ ਹੋਰਾਂ ਨੇ ਸਥਾਨਕ ਭਾਈਚਾਰੇ ਨੂੰ ਅੰਤਿਮ ਸੰਸਕਾਰ ਵਿੱਚ ਪੁੱਜਣ ਦੀ ਬੇਨਤੀ ਕੀਤੀ ਹੈ। ਅਫਸੋਸ ਜਾਹਰ ਕਰਨ ਵਾਸਤੇ ਜਾਂ ਜਿਆਦਾ ਜਾਣਕਾਰੀ ਲਈ ਪਰਿਵਾਰ ਨਾਲ-0211665016 ਰਾਬਤਾ ਕੀਤਾ ਜਾ ਸਕਦਾ ਹੈ।