ਸੰਸਦ ਮੈਂਬਰ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਦੀ ਜ਼ਮਾਨਤ ’ਤੇ ਫ਼ੈਸਲਾ 25 ਜੁਲਾਈ ਨੂੰ ਹੋਵੇਗਾ। ਫਿਲੌਰ ਦੀ ਫਸਟ ਕਲਾਸ ਜੁਡੀਸ਼ੀਅਲ ਮੈਜਿਸਟਰੇਟ ਮੀਨਾਕਸ਼ੀ ਮਹਾਜਨ ਦੀ ਅਦਾਲਤ ’ਚ ਜਦੋਂ ਬਚਾਅ ਪੱਖ ਨੇ ਜ਼ਮਾਨਤ ਲਈ ਬਹਿਸ ਕੀਤੀ ਤਾਂ ਅਦਾਲਤ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ। ਬਚਾਅ ਪੱਖ ਨੂੰ 25 ਜੁਲਾਈ ਨੂੰ ਰਾਹਤ ਮਿਲਣ ਦੀ ਉਮੀਦ ਹੈ। ਮੁਲਜ਼ਮ ਦੇ ਵਕੀਲ ਗੁਰਦੀਪ ਸਿੰਘ ਨੇ ਕਿਹਾ ਕਿ ਉਸ ਦੀ ਜ਼ਮਾਨਤ ਲਈ ਅਦਾਲਤ ’ਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਨਸ਼ਾ ਬਹੁਤ ਘੱਟ ਮਾਤਰਾ ’ਚ ਮਿਲਿਆ ਹੈ। ਇਸ ਤੋਂ ਇਲਾਵਾ ਪੁਲਿਸ ਕੋਈ ਠੋਸ ਦਲੀਲ ਪੇਸ਼ ਨਹੀਂ ਕਰ ਸਕੀ। ਅਦਾਲਤ ਨੇ ਦੇਰ ਸ਼ਾਮ 25 ਜੁਲਾਈ ਦੀ ਤਰੀਕ ਤੈਅ ਪਾ ਦਿੱਤੀ ਹੈ। ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਭੇਜਣ ਤੋਂ ਬਾਅਦ ਫਿਲੌਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ’ਤੇ ਲੈਣ ਲਈ ਕ੍ਰਿਮੀਨਲ ਰਿਵੀਜ਼ਨ ਐਪਲੀਕੇਸ਼ਨ ਦਾਇਰ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ। ਇਸ ਤੋਂ ਬਾਅਦ ਪਲਿਸ ਵੱਲੋਂ ਵਿਸ਼ੇਸ਼ ਸਬੂਤ ਪੇਸ਼ ਨਹੀਂ ਕੀਤੇ ਗਏ ਤਾਂ ਮੁਲਜ਼ਮਾਂ ਨੂੰ ਫਿਰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਸੀ। ਬਚਾਅ ਪੱਖ ਦੇ ਵਕੀਲ ਗੁਰਪ੍ਰੀਤ ਸਿੰਘ ਨੇ ਕਿਹਾ ਜਮਾਨਤ ਪਟੀਸ਼ਨ ’ਤੇ ਪਹਿਲਾਂ ਸ਼ਨਿਚਰਵਾਰ ਨੂੰ ਬਹਿਸ ਨਾ ਹੋਣ ਕਾਰਨ ਸੁਣਵਾਈ 23 ਜੁਲਾਈ ਨੂੰ ਰੱਖੀ ਗਈ ਸੀ। ਮੰਗਲਵਾਰ ਨੂੰ ਅਦਾਲਤ ਨੇ ਬਚਾਅ ਪੱਖ ਦੀ ਦਲੀਲਾਂ ਸੁਣੀਆਂ ਤੇ ਫੈਸਲੇ ਲਈ 25 ਜੁਲਾਈ ਦਾ ਦਿਨ ਤੈਅ ਕੀਤਾ। ਮੁਲਜ਼ਮਾਂ ਨੂੰ ਪੁਲਿਸ ਨੇ 11 ਜੁਲਾਈ ਨੂੰ ਫਿਲੌਰ ’ਚ ਕਾਰ ’ਚ ਨਸ਼ਾ ਕਰਦੇ ਹੋਏ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਚਾਰ ਗ੍ਰਾਮ ਆਈਸ ਬਰਮਾਦ ਕੀਤੀ ਸੀ। ਇਸੇ ਕੜੀ ’ਚ ਲੁਧਿਆਣੇ ਦੇ ਦੋ ਨਸ਼ਾ ਸਪਲਾਇਰ ਜੇਲ ’ਚ ਹਨ।