AMRIT VELE DA HUKAMNAMA SRI DARBAR SAHIB SRI AMRITSAR, ANG 459, 25-JULY-2024
ਆਸਾ ਮਹਲਾ ੫ ਛੰਤ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥ ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੧॥ ਛੰਤ ॥ ਭਿੰਨੀ ਰੈਨੜੀਐ ਚਾਮਕਨਿ ਤਾਰੇ ॥ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥ ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥ ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥ ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥ ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ ॥੧॥
ਸੁਭ = ਭਲੀ। ਚਿੰਤਨ = ਸੋਚਾਂ। ਰਮਣ = ਸਿਮਰਨ। ਨਿਰਮਲ = ਪਵਿਤ੍ਰ। ਸਾਧੂ = ਗੁਰੂ। ਨ ਵਿਸਰਉ = ਮੈਂ ਨਾਹ ਭੁੱਲਾਂ। ਭਗਵੰਤ = ਹੇ ਭਗਵਾਨ! ॥੧॥ ਭਿੰਨੀ = ਤ੍ਰੇਲ-ਭਿੱਜੀ। ਰੈਨੜੀਐ = ਸੋਹਣੀ ਰਾਤ ਵਿਚ। ਚਾਮਕਨਿ = ਚਮਕਦੇ ਹਨ। ਜਾਗਹਿ = ਜਾਗਦੇ ਹਨ, ਸੁਚੇਤ ਰਹਿੰਦੇ ਹਨ। ਅਨਦਿਨੋ = ਅਨਦਿਨੁ, ਹਰ ਰੋਜ਼। ਪ੍ਰਭ = ਹੇ ਪ੍ਰਭੂ! ਖਿਨੋ = ਖਿਨੁ, ਰਤਾ ਭਰ ਭੀ। ਤਜਿ = ਤਿਆਗ ਕੇ। ਕਲਮਲਾ = ਪਾਪ। ਜਾਰੇ = ਸਾੜ ਲਏ।
ਰਾਗ ਆਸਾ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਲੋਕ। ਛੰਤ।ਹੇ ਭਗਵਾਨ! ਮੈਂ ਸਦਾ ਭਲੀਆਂ ਸੋਚਾਂ ਸੋਚਦਾ ਰਹਾਂ, ਮੈਂ ਗੋਬਿੰਦ ਦਾ ਨਾਮ ਜਪਦਾ ਰਹਾਂ, ਮੈਂ ਗੁਰੂ ਦੀ ਪਵਿਤ੍ਰ ਸੰਗਤ ਕਰਦਾ ਰਹਾਂ। ਨਾਨਾਕ ਆਖਦਾ ਹੈ ਕਿ ਹੇ ਭਗਵਾਨ! (ਮੇਰੇ ਉਤੇ) ਮੇਹਰ ਕਰ, ਮੈਂ ਇਕ ਘੜੀ ਵਾਸਤੇ ਭੀ ਤੇਰਾ ਨਾਮ ਨਾਹ ਭੁੱਲਾਂ ॥੧॥ ਤ੍ਰੇਲ ਭਿੱਜੀ ਰਾਤ ਵਿਚ (ਆਕਾਸ਼ ਵਿਚ) ਤਾਰੇ ਡਲ੍ਹਕਦੇ ਹਨ (ਤਿਵੇਂ, ਪਰਮਾਤਮਾ ਦੇ ਪ੍ਰੇਮ ਵਿਚ ਭਿੱਜੇ ਹੋਏ ਹਿਰਦੇ ਵਾਲੇ ਮਨੁੱਖਾਂ ਦੇ ਚਿੱਤ-ਆਕਾਸ਼ ਵਿਚ ਸੋਹਣੇ ਆਤਮਕ ਗੁਣ ਲਿਸ਼ਕਾਂ ਮਾਰਦੇ ਹਨ)। ਮੇਰੇ ਰਾਮ ਦੇ ਪਿਆਰੇ ਸੰਤ ਜਨ (ਸਿਮਰਨ ਦੀ ਬਰਕਤਿ ਨਾਲ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ। ਪਰਮਾਤਮਾ ਦੇ ਪਿਆਰੇ ਸੰਤ ਜਨ ਸਦਾ ਹੀ ਸੁਚੇਤ ਰਹਿੰਦੇ ਹਨ, ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਹਨ। ਸੰਤ ਜਨ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਦੇ ਹਨ (ਤੇ, ਉਸ ਦੇ ਦਰ ਤੇ ਅਰਦਾਸ ਕਰਦੇ ਹਨ-) ਹੇ ਪ੍ਰਭੂ ਰਤਾ ਜਿਤਨੇ ਸਮੇ ਲਈ ਭੀ ਸਾਡੇ ਦਿਲ ਤੋਂ ਦੂਰ ਨਾਹ ਹੋ। ਸੰਤ ਜਨ ਆਪਣੇ ਮਨ ਦਾ ਮਾਣ ਛੱਡ ਕੇ, ਮੋਹ ਤੇ ਵਿਕਾਰ ਦੂਰ ਕਰਕੇ ਆਪਣੇ ਸਾਰੇ ਦੁੱਖ ਪਾਪ ਸਾੜ ਲੈਂਦੇ ਹਨ। ਨਾਨਕ ਬੇਨਤੀ ਕਰਦਾ ਹੈ: ਪਰਮਾਤਮਾ ਦੇ ਪਿਆਰੇ ਸੰਤ ਪਰਮਾਤਮਾ ਦੇ ਦਾਸ ਸਦਾ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ॥੧॥