ਬੀਤੇ ਦਿਨ ਲਖੀਮਪੁਰ ਖੀਰੀ ਦੇ ਪਲੀਆ ਭੀਰਾ ਹਾਈਵੇ ‘ਤੇ ਜਾ ਰਹੇ ਕੁਝ ਸਿੱਖਾਂ ਨੂੰ ਉੱਥੇ ਤਾਇਨਾਤ ਉੱਤਰ ਪ੍ਰਦੇਸ਼ ਪੁਲਿਸ ਦੇ ਇੱਕ ਐੱਸਐੱਚਓ ਨੇ ਅੱਤਵਾਦੀ ਕਹਿਕੇ ਬੁਲਾਇਆ ਜੋ ਕਿ ਅਤਿ ਘਿਨਾਉਣਾ ਕਾਰਜ ਕਿਹਾ ਜਾ ਸਕਦਾ ਹੈ। ਉਕਤ ਘਟਨਾ ਨੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ ਅਤੇ ਹੁਣ ਯੂਪੀ ਸਰਕਾਰ ਨੂੰ ਚਾਹੀਦੈ ਕਿ ਉਹ ਸਿੱਖ ਭਾਵਨਾਵਾਂ ਨੂੰ ਸਮਝਦਿਆਂ ਉਕਤ ਪੁਲਿਸ ਅਧਿਕਾਰੀ ਖਿ਼ਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰੇ।ਉਕਤ ਵਿਚਾਰਾਂ ਦਾ ਪ੍ਰਗਟਾਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਸਿੰਘ ਸਾਹਿਬ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਭਾਰਤ ਅੰਦਰ ਘੱਟ ਗਿਣਤੀ ਕੌਮਾਂ ਅਤੇ ਖਾਸ ਕਰ ਕੇ ਸਿੱਖਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਰਿਹੈ। ਉਨ੍ਹਾਂ ਕਿਹਾ ਕਿ ਕਿੰਨੀ ਕਮਾਲ ਦੀ ਗੱਲ ਹੈ ਕਿ ਇੱਕ ਪਾਸੇ ਸਰਕਾਰੀ ਸਰਪ੍ਰਸਤੀ ਹਾਸਿਲ ਕਰ ਨਫਰਤ ਫੈਲਾਉਣ ਵਾਲਿਆਂ ਨੂੰ ਦੇਸ਼ਭਗਤ ਦੱਸਿਆ ਜਾਂਦਾ ਹੈ ਜਦੋਂਕਿ ਦੂਜੇ ਪਾਸੇ ਵਿਸ਼ੇਸ਼ ਪਛਾਣ ਰੱਖਣ ਵਾਲੇ ਸਿੱਖ ਭਾਈਚਾਰੇ ਦੇ ਆਮ ਲੋਕਾਂ ਨੂੰ ਵੀ ਨਿਸ਼ਾਨੇ ‘ਤੇ ਰੱਖ ਕੇ ਉਨਾਂ ਨੂੰ ਚਿੜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ।ਸਿੰਘ ਸਾਹਿਬ ਨੇ ਕਿਹਾ ਕਿ ਮੰਦਭਾਗੀ ਗੱਲ ਹੈ ਕਿ ਭਾਰਤ ਸਰਕਾਰ ਅਜਿਹੇ ਵਰਤਾਰਿਆਂ ਨੂੰ ਰੋਕਦੀ ਨਹੀਂ ਹੈ ਜਿਸਦੇ ਆਉਣ ਵਾਲੇ ਸਮੇਂ ਵਿੱਚ ਭਿਆਨਕ ਨਤੀਜੇ ਨਿਕਲ ਸਕਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨੂੰ ਹੁਣ ਅੱਤਵਾਦੀ ਦੱਸਣਾ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ। ਇਸ ਲਈ ਉੱਤਰ ਪ੍ਰਦੇਸ਼ ਸਰਕਾਰ ਸਿੱਖਾਂ ਨੂੰ ਅੱਤਵਾਦੀ ਕਹਿਕੇ ਬੁਲਾਉਣ ਵਾਲੇ ਪੁਲਿਸ ਅਧਿਕਾਰੀ ਖਿ਼ਲਾਫ਼ ਤੁਰੰਤ ਕਾਰਵਾਈ ਅਮਲ ਵਿੱਚ ਲਿਆਵੇ।