ਕੇਰਲ ਦੇ ਵਾਇਨਾਡ ’ਚ ਬੀਤੇ ਮੰਗਲਵਾਰ ਨੂੰ ਭਾਰੀ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਤਬਾਹ ਹੋਏ ਇਲਾਕਿਆਂ ’ਚ ਲਾਪਤਾ ਲੋਕਾਂ ਦੀ ਭਾਲ ਦਾ ਕੰਮ ਛੇਵੇਂ ਦਿਨ ਵੀ ਜਾਰੀ ਹੈ। ਇਸ ਕੁਦਰਤੀ ਆਫਤ ’ਚ ਜਾਨ ਗੁਆਉਣ ਵਾਲਿਆਂ ਦਾ ਅੰਕੜਾ ਵੱਧ ਕੇ ਹੁਣ 308 ਦੇ ਪਾਰ ਪੁੱਜ ਗਿਆ ਹੈ। ਫੌਜ ਤੇ ਹੋਰਨਾਂ ਬਚਾਅ ਟੀਮਾਂ ਹਾਲੇ ਵੀ ਜੰਗੀ ਪੱਧਰ ’ਤੇ ਰਾਹਤ ਤੇ ਬਚਾਅ ਕਾਰਜ ਕਰ ਰਹੀਆਂ ਹਨ। ਵਧੇਰੇ ਪ੍ਰਭਾਵਿਤ ਚਾਰ ਪਿੰਡਾਂ ’ਚੋਂ ਇਕ ਚੂਰਲਮਾਲਾ ਪਿੰਡ ’ਚ ਇਕੋ ਪਰਿਵਾਰ ਦੇ 16 ਮੈਂਬਰ ਗਾਇਬ ਹੋ ਗਏ, ਇਨ੍ਹਾਂ ’ਚੋਂ ਹਾਲੇ ਤੱਕ ਸਿਰਫ ਚਾਰ ਜੀਆਂ ਦੀਆਂ ਲਾਸ਼ਾਂ ਹੀ ਬਰਾਮਦ ਹੋਈਆਂ ਹਨ। ਜ਼ਮੀਨ ਖਿਸਕਣ ਤੋਂ ਇਲਾਵਾ ਤਿੰਨ ਹੋਰਨਾਂ ਪਿੰਡਾਂ ਮੁੰਡੱਕਈ, ਅੱਟਮਾਲਾ ਤੇ ਨੂਲਪੁਝਾ ਵੀ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਇਸ ਕੁਦਰਤੀ ਆਫਤ ’ਚ ਚੂਰਲਮਾਲਾ ਦੇ ਰਹਿਣ ਵਾਲੇ 42 ਸਾਲਾ ਵਾਸੀ ਮੰਸੂਰ ਦੀ ਤਾਂ ਸਾਰੀ ਪਰਿਵਾਰਕ ਬਗੀਚੀ ਹੀ ਉਜੜ ਗਈ। ਹੁਣ ਉਹ ਇਕੱਲਾ ਤੇ ਬੇਸਹਾਰਾ ਹੋ ਗਿਆ ਹੈ। ਉਧਰ ਵਾਇਨਾਡ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ 1300 ਤੋਂ ਵੱਧ ਰਾਹਤ ਤੇ ਬਚਾਅ ਮੁਲਾਜ਼ਮ ਰੈਸਕਿਊ ਆਪ੍ਰੇਸ਼ਨ ’ਚ ਕਾਰਜਸ਼ੀਲ ਹਨ। ਸਥਾਨਕ ਲੋਕ ਵੀ ਉਨ੍ਹਾਂ ਦੀ ਮਦਦ ਕਰ ਰਹੇ ਹਨ। ਸ਼ਨਿੱਚਰਵਾਰ ਨੂੰ ਹਵਾਈ ਫੌਜ ਨੇ ਵਾਇਨਾਡ ਦੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰਾਂ ’ਚ ਤਲਾਸ਼ੀ ਮੁਹਿੰਮ ਨੂੰ ਤੇਜ਼ ਕਰਨ ਲਈ ਸਿਆਚਿਨ ਤੇ ਦਿੱਲੀ ਤੋਂ ਇਕ ਜਾਵਰ ਤੇ ਚਾਰ ਜ਼ੀਕੋ ਰਡਾਰ ਨੂੰ ਹਵਾਈ ਮਾਰਗ ਰਾਹੀਂ ਮੰਗਵਾਇਆ।