ਸਮਰਾਲਾ ਦੇ ਨਜ਼ਦੀਕੀ ਪਿੰਡ ਗਹਲੇਵਾਲ ’ਚ ਮੰਗਲਵਾਰ ਰਾਤ ਇਕ ਨੌਜਵਾਨ ਨੇ ਆਪਣੇ ਮੰਦਬੁੱਧੀ ਪਿਤਾ ਦੀ ਬਾਲਾ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਅਤੇ ਬਾਅਦ ’ਚ ਘਰ ਦੇ ਦੂਸਰੇ ਕਮਰੇ ਵਿਚ ਜਾ ਕੇ ਬੈਠ ਗਿਆ। ਆਸ-ਪਾਸ ਦੇ ਲੋਕਾਂ ਨੇ ਘਰ ’ਚ ਜਾ ਕੇ ਦੇਖਿਆ ਤਾਂ ਮੁਲਜ਼ਮ ਪ੍ਰਭਜੋਤ ਸਿੰਘ (24) ਨੇ ਆਪਣੇ ਪਿਤਾ ਦੇ ਸਿਰ ’ਤੇ ਬਾਲਾ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮਿ੍ਤਕ ਦੀ ਪਛਾਣ ਜਸਵਿੰਦਰ ਸਿੰਘ (55) ਵਜੋਂ ਹੋਈ ਹੈ।ਪਿੰਡ ਦੇ ਲੋਕਾਂ ਨੇ ਥਾਣਾ ਸਮਰਾਲਾ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਤੇ ਸਮਰਾਲਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਮਰਾਲਾ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਲਿਆਂਦਾ ਗਿਆ। ਸਮਰਾਲਾ ਪੁਲਿਸ ਵੱਲੋਂ ਮੁਲਜ਼ਮ ਪ੍ਰਭਜੋਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।ਪਿੰਡ ਵਾਸੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਪ੍ਰਭਜੋਤ ਸਿੰਘ ਮੰਗਲਵਾਰ ਸ਼ਾਮ ਕਦੇ ਆਪਣੇ ਘਰ ਦੀ ਛੱਤ ’ਤੇ ਤਾਂ ਕਦੇ ਘਰ ਦੇ ਬਾਹਰ ਤੇਜ਼ਧਾਰ ਹਥਿਆਰ ਅਤੇ ਬਾਲਾ ਲੈ ਕੇ ਖ਼਼ੜ੍ਹਾ ਸੀ, ਇਸ ਤੋਂ ਆਸ-ਪਾਸ ਦੇ ਲੋਕਾਂ ਨੂੰ ਸ਼ੱਕ ਹੋਇਆ ਕਿ ਉਹ ਕੁਝ ਗਲਤ ਨਾ ਕਰ ਦੇਵੇ, ਕਿਉਂਕਿ ਮੁਲਜ਼ਮ ਪ੍ਰਭਜੋਤ ਸਿੰਘ ਨੇ ਲਗਪਗ ਢਾਈ ਸਾਲ ਪਹਿਲਾਂ ਆਪਣੀ ਦਾਦੀ ਦੀ ਵੀ ਹੱਤਿਆ ਕਰ ਦਿੱਤੀ ਸੀ।ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਪਿੰਡ ਵਾਲੇ ਇਕੱਠੇ ਹੋ ਕੇ ਮੰਗਲਵਾਰ ਰਾਤ ਲਗਪਗ 8 ਵਜੇ ਮੁਲਜ਼ਮ ਦੇ ਘਰ ਗਏ ਤਾਂ ਮੁਲਜ਼ਮ ਆਪਣੇ ਘਰ ਦੇ ਕਮਰੇ ’ਚ ਬੈਠਾ ਸੀ ਅਤੇ ਦੂਸਰੇ ਕਮਰੇ ’ਚ ਉਸ ਦੇ ਪਿਤਾ ਜਸਵਿੰਦਰ ਸਿੰਘ ਦੀ ਲਾਸ਼ ਲਹੂ-ਲੁਹਾਨ ਪਈ ਸੀ। ਲਾਸ਼ ਨੇੜੇ ਖੂਨ ਨਾਲ ਲਿਬੜਿਆ ਬਾਲਾ ਵੀ ਪਿਆ ਸੀ। ਇਸ ਤੋਂ ਬਾਅਦ ਲੋਕਾਂ ਨੇ ਮੁਲਜ਼ਮ ਪ੍ਰਭਜੋਤ ਸਿੰਘ ਨੂੰ ਉਸ ਦੇ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਮੁਲਜ਼ਮ ਨੂੰ ਸਮਰਾਲਾ ਪੁਲਿਸ ਨੇ ਕਾਬੂ ਕਰ ਲਿਆ।
ਇਸ ਮੌਕੇ ਡੀਐੱਸਪੀ ਤਿ੍ਲੋਚਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਮਿ੍ਤਕ ਅਤੇ ਉਸ ਦੀ ਪਤਨੀ ਮੰਦਬੁੱਧੀ ਹਨ ਪਰ ਬੇਟਾ ਮੰਦਬੁੱਧੀ ਨਹੀਂ ਹੈ। ਇੰਨਾ ਹੀ ਨਹੀਂ ਕੁਝ ਮਹੀਨੇ ਪਹਿਲਾਂ ਮੁਲਜ਼ਮ ਪੁੱਤਰ, ਪਿਤਾ ਤੇ ਮਾਤਾ ਲੁਧਿਆਣਾ ’ਚ ਮਨੁੱਖਤਾ ਦੀ ਸੇਵਾ ਗੁਰਪ੍ਰੀਤ ਸਿੰਘ ਦੇ ਕੈਂਪ ’ਚ ਦੋ ਮਹੀਨੇ ਰਹਿ ਕੇ ਵੀ ਆਏ ਹਨ।