ਬੰਗਾਲ ’ਚ ਦੱਖਣ 24 ਪਰਗਣਾ ਜ਼ਿਲ੍ਹੇ ਦੇ ਸੁਲਤਾਨਪੁਰ ਫਿਸ਼ਿੰਗ ਹਾਰਬਰ ਤੋਂ ਮੱਛੀਆਂ ਫੜਨ ਡੂੰਘੇ ਸਮੁੰਦਰ ’ਚ ਗਏ 49 ਮਛੇਰੇ ਤਿੰਨ ਟ੍ਰਾਲਰਾਂ ਦੇ ਨਾਲ ਲਾਪਤਾ ਹੋ ਗਏ ਹਨ। ਪ੍ਰਸ਼ਾਸਨ ਵੱਲੋਂ ਹੈਲੀਕਾਪਟਰ ਨਾਲ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਦਾ ਕੋਈ ਸੁਰਾਗ਼ ਹੱਥ ਨਹੀਂ ਲੱਗਾ ਸੀ।ਲਾਪਤਾ ਮਛੇਰਿਆਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਬੀਤੇ ਮੰਗਲਵਾਰ ਨੂੰ ਸੁਲਤਾਨਪੁਰ ਫਿਸ਼ਿੰਗ ਹਾਰਬਰ ਤੋਂ ਮਛੇਰਿਆਂ ਦੀ ਇਕ ਟੀਮ ਡੂੰਘੇ ਸਮੁੰਦਰ ’ਚ ਮੱਛੀਆਂ ਫੜਨ ਨਿਕਲਿਆ ਸੀ। ਉਨ੍ਹਾਂ ਨੂੰ ਐਤਵਾਰ ਤੱਕ ਵਾਪਸ ਆਉਣਾ ਸੀ। ਬਾਕੀ ਮਛੇਰੇ ਤਾਂ ਵਾਪਸ ਆ ਗਏ ਪਰ ਤਿੰਨ ਟ੍ਰਾਲਰਾਂ ’ਚ ਸਵਾਰ 49 ਮਛੇਰਿਆਂ ਦਾ ਪਤਾ ਨਹੀਂ ਲੱਗ ਸਕਿਆ। ਪਹਿਲਾਂ ਬੇੜੀ ਤੇ ਟ੍ਰਾਲਰਾਂ ਦੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।ਸਫਲਤਾ ਨਾ ਮਿਲਣ ’ਤੇ ਹੈਲੀਕਾਪਟਰ ਨਾਲ ਹਵਾਈ ਮਾਰਗ ਰਾਹੀਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਵਾਪਸ ਆਏ ਕੁਝ ਮਛੇਰਿਆਂ ਨੇ ਦੱਸਿਆ ਕਿ ਮੌਸਮ ਖ਼ਰਾਬ ਹੋਣ ਕਾਰਨ ਉਹ ਕੰਢੇ ਵੱਲ ਪਰਤ ਰਹੇ ਸਨ। ਉਸ ਸਮੇਂ ਤਿੰਨ ਟ੍ਰਾਲਰਾਂ ਦੇ ਇੰਜਣ ਖ਼ਰਾਬ ਹੋ ਗਏ। ਉਨ੍ਹਾਂ ਨੂੰ ਉਨ੍ਹਾਂ ਆਪਣੇ ਟ੍ਰਾਲਰਾਂ ਨਾਲ ਰੱਸੀ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ ਪਰ ਸਮੁੰਦਰ ਦੀਆਂ ਤੇਜ਼ ਲਹਿਰਾਂ ਕਾਰਨ ਉਹ ਸਫਲ ਨਹੀਂ ਹੋ ਸਕੇ। ਉਨ੍ਹਾਂ ਦੀ ਵਾਇਰਲੈੱਸ ਮਸ਼ੀਨ ਵੀ ਖ਼ਰਾਬ ਹੋ ਗਈ ਸੀ, ਜਿਸ ਕਾਰਨ ਸੰਪਰਕ ਨਹੀਂ ਹੋ ਸਕਿਆ। ਇਸ ਘਟਨਾ ਦੀ ਜਾਣਕਾਰੀ ਤੱਟ ਰੱਖਿਅਕ ਫੋਰਸ ਨੂੰ ਵੀ ਦਿੱਤੀ ਗਈ ਹੈ।