Home » ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਘਰ ਵਾਪਸੀ, ਭੂੰਦੜ ਨੇ ਸ਼੍ਰੋਮਣੀ ਅਕਾਲੀ ਦਲ ‘ਚ ਕੀਤਾ ਸ਼ਾਮਲ…
Home Page News India India News

ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਘਰ ਵਾਪਸੀ, ਭੂੰਦੜ ਨੇ ਸ਼੍ਰੋਮਣੀ ਅਕਾਲੀ ਦਲ ‘ਚ ਕੀਤਾ ਸ਼ਾਮਲ…

Spread the news


ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਕਰੀਬ ਸੱਤ ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਹੋ ਗਈ ਹੈ। ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਅਕਾਲੀ ਸੁੱਚਾ ਸਿੰਘ ਲੰਗਾਹ ਨੂੰ ਅੱਜ ਪਾਰਟੀ ਵਿਚ ਸ਼ਾਮਲ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸੁੱਚਾ ਸਿੰਘ ਲੰਗਾਹ ਨੇ ਪਾਰਟੀ ਪ੍ਰਧਾਨ ਨੂੰ ਪਿਛਲੇ ਦਿਨੀ ਚਿੱਠੀ ਲਿਖ ਕੇ ਇਹ ਮੰਗ ਕੀਤੀ ਸੀ ਕਿ ਜਿਹੜੇ ਦੋਸ਼ ਉਹਨਾਂ ’ਤੇ ਲਗਾਏ ਗਏ ਸਨ, ਉਹਨਾਂ ਦੋਸ਼ਾਂ ਵਿਚ ਉਹ ਅਦਾਲਤ ਤੋਂ ਬਰੀ ਹੋ ਚੁੱਕੇ ਹਨ। ਲੰਗਾਹ ਨੇ ਦਲ ਦੇ ਪ੍ਰਧਾਨ ਨੂੰ ਲਿਖੀ ਚਿੱਠੀ ਵਿਚ ਇਹ ਵੀ ਹਵਾਲਾ ਦਿੱਤਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਵੀ ਭੁਗਤ ਚੁੱਕੇ ਹਨ। ਲੰਗਾਹ ਨੇ ਪਾਰਟੀ ਪ੍ਰਧਾਨ ਨੂੰ ਲਿਖੀ ਚਿੱਠੀ ਵਿਚ ਕਿਹਾ ਸੀ ਕਿ ਉਹ ਜੰਮੇ ਵੀ ਅਕਾਲੀ ਹਨ ਅਤੇ ਮਰਨਾ ਵੀ ਅਕਾਲੀ ਚਾਹੁੰਦੇ ਹਨ।ਇਸ ਲਈ ਉਹਨਾਂ ਦੀ ਚਿੱਠੀ ’ਤੇ ਵਿਚਾਰ ਕਰ ਕੇ ਪਾਰਟੀ ਵਿਚ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਭੂੰਦੜ ਨੇ ਲੰਗਾਹ ਨੂੰ ਪਾਰਟੀ ਵਿਚ ਆਮ ਵਰਕਰ ਦੀ ਤਰ੍ਹਾਂ ਸ਼ਾਮਲ ਕਰਨ ਦੀ ਪੁਸ਼ਟੀ ਅਕਾਲੀ ਦਲ ਦੇ ਫੇਸਬੁੱਕ ਪੇਜ ’ਤੇ ਕੀਤੀ ਹੈ। ਪਰ ਸੂਤਰ ਦੱਸਦੇ ਹਨ ਕਿ ਅਗਾਮੀ ਦਿਨਾਂ ’ਚ ਪਾਰਟੀ ਵਲੋਂ ਲੰਗਾਹ ਨੂੰ ਹੋਰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।ਇੱਥੇ ਦੱਸਿਆ ਜਾਂਦਾ ਹੈ ਕਿ ਤਤਕਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਸੁੱਚਾ ਸਿੰਘ ਲੰਗਾਹ ਦੀ ਇਕ ਔਰਤ ਨਾਲ ਅਸ਼ਲੀਲ ਵੀਡਿਓ ਵਾਇਰਲ ਹੋਈ ਸੀ। ਕੈਪਟਨ ਸਰਕਾਰ ਦੌਰਾਨ ਸਬੰਧਤ ਔਰਤ ਦੇ ਬਿਆਨਾਂ ’ਤੇ ਲੰਗਾਹ ਖ਼ਿਲਾਫ਼ ਪੁਲਿਸ ਨੇ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਸੀ, ਪਰ ਕਰੀਬ ਇਕ ਸਾਲ ਬਾਅਦ ਅਦਾਲਤ ਨੇ ਲੰਗਾਹ ਨੂੰ ਬਰੀ ਕਰ ਦਿੱਤਾ ਸੀ। ਲੰਗਾਹ ਸਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਾਂਬਰ ਰਹੇ ਹਨ, ਪਰ ਇਕ ਔਰਤ ਨਾਲ ਵੀਡਿਓ ਜਨਤਕ ਹੋਣ ਬਾਅਦ ਅਕਾਲੀ ਦਲ ਨੇ ਉਸਨੂੰ ਪਾਰਟੀ ਦੀ ਮੁੱਢਲੀ ਮੈਬਰਸ਼ਿਪ ਤੋ ਖਾਰਜ ਕਰ ਦਿੱਤਾ ਸੀ। ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਨੂੰ ਧਾਰਮਿਕ ਸਜ਼ਾ ਵੀ ਲਗਾਈ ਸੀ।

ਲੰਗਾਹ ਨੇ ਬਰੀ ਹੋਣ ਉਪਰੰਤ ਅਤੇ ਧਾਰਮਿਕ ਸਜ਼ਾ ਪੂਰੀ ਕਰਨ ਬਾਅਦ ਸਾਲ 2019 ਦੀਆਂ ਚੋਣਾਂ ਵਿਚ ਵੀ ਅਕਾਲੀ ਦਲ ’ਚ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ, ਪਰ ਹੇਠਲੇ ਪੱਧਰ ’ਤੇ ਵਿਰੋਧ ਕਰਨ ਪਾਰਟੀ ਨੇ ਉਨ੍ਹਾਂ ਨੂੰ ਸ਼ਾਮਲ ਨਹੀ ਕੀਤਾ ਸੀ, ਪਰ ਹੁਣ ਜਦ ਪਾਰਟੀ ’ਚ ਅੰਦਰੂਨੀ ਗੁੱਟਬਾਜ਼ੀ ਵਧੀ ਹੋਈ ਹੈ ਤਾਂ ਪਾਰਟੀ ਨੇ ਲੰਗਾਹ ਨੂੰ ਮੁੜ ਪਾਰਟੀ ਵਿਚ ਸ਼ਾਮਲ ਕਰ ਲਿਆ ਹੈ। ਲੰਗਾਹ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਗੁਰਦਾਸੁਪਰ ਜਿਲ੍ਹੇ ਵਿਚ ਪੈਰ ਲੱਗਣ ਦੀ ਉਮੀਦ ਹੈ।