ਵਿਧਾਨ ਸਭਾ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਗੋਲਡੀ ਐਲਾਨ ਕੀਤਾ ਹੈ ਕਿ ਉਹ ਅਗਲੀ ਵਿਧਾਨ ਸਬਾ ਚੋਣ ਹਲਕਾ ਧੂਰੀ ਤੋਂ ਹੀ ਲੜਨਗੇ, ਭਾਵੇਂ ਉਨ੍ਹਾਂ ਦੇ ਮੁਕਾਬਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਹੀ ਕਿਉਂ ਨਾ ਹੋਣ। ਪੰਜ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਦਲਬੀਰ ਸਿੰਘ ਗੋਲਡੀ ਨੇ ਆਪ ’ਚ ਬਣਦਾ ਮਾਣ-ਸਨਮਾਨ ਨਾ ਮਿਲਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਤੇ ਨਾਲ ਹੀ ਆਉਣ ਵਾਲੇ ਸਮੇਂ ’ਚ ਕਾਂਗਰਸ ’ਚ ਵਾਪਸੀ ਦੇ ਸੰਕੇਤ ਵੀ ਦਿੱਤੇ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਹੈ ਕਿ ਫਿਲਹਾਲ ਉਹ ਕਿਸੇ ਪਾਰਟੀ ਨਾਲ ਨਹੀਂ।ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਲਡੀ ਨੇ ਕਿਹਾ ਹੈ ਕਿ ਉਹ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਸਿਆਸੀ ਸਰਗਰੀਆਂ ਤੋਂ ਬਾਹਰ ਹਨ। ਪਿਛਲੇ ਸਮੇਂ ਦੌਰਾਨ ਉਨ੍ਹਾਂ ਦੇ ਆਪ ’ਚ ਸ਼ਾਮਿਲ ਹੋਣ ਬਾਰੇ ਲਏ ਗਏ ਫ਼ੈਸਲੇ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਤੇ ਸਹਿਯੋਗੀਆਂ ’ਚ ਮਾਯੂਸੀ ਦਾ ਆਲਮ ਹੈ। ਬਰਨਾਲਾ ਜ਼ਿਮਨੀ ਚੋਣ ਲਈ ਆਪ ਦੇ ਉਮੀਦਵਾਰ ਦੇ ਐਲਾਨ ਤੋਂ ਬਾਅਦ ਗੁਰਪ੍ਰੀਤ ਸਿੰਘ ਬਾਠ ਵੱਲੋਂ ਬਗ਼ਾਵਤ ਕਰਨ ਦਾ ਸਮਰਥਨ ਕਰਦਿਆਂ ਗੋਲਡੀ ਨੇ ਕਿਹਾ ਕਿ ਬਾਠ ਨਾਲ ਉਹੀ ਹੋਇਆ ਹੈ ਜੋ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨਾਲ ਕਾਂਗਰਸ ਪਾਰਟੀ ਨੇ ਕੀਤਾ ਸੀ।ਜ਼ਿਕਰਯੋਗ ਹੈ ਕਿ ਦਲਬੀਰ ਗੋਲਡੀ ਕਰੀਬ 5 ਮਹੀਨੇ ਪਹਿਲਾਂ ਜਦੋਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ ਸਨ ਤਾਂ ਚਰਚਾ ਸੀ ਕਿ ਵਿਧਾਨ ਸਭਾ ਬਰਨਾਲਾ ਦੀ ਜ਼ਿਮਣੀ ਚੋਣ ਲਈ ਉਹ ਆਪ ਦੇ ਉਮੀਦਵਾਰ ਵਜੋਂ ਦਾਅਵੇਦਾਰ ਮੰਨੇ ਜਾ ਰਹੇ ਸਨ। ਪਰ ਪਾਰਟੀ ਵੱਲੋਂ ਸੰਸਦ ਮੈਂਬਰ ਗੁਰਮੀਤ ਸਿੰਘ ਹੇਅਰ ਦੇ ਕਰੀਬੀ ਮੰਨੇ ਜਾ ਰਹੇ ਨੌਜਵਾਨ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਗੋਲਡੀ ਨਾਰਾਜ਼ ਹਨ।