ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਐਤਵਾਰ ਨੂੰ ਕੈਬਨਿਟ ਦੀ ਸਿਫਾਰਿਸ਼ ਦੇ ਬਾਅਦ ਆਪਣੇ ਦੇਸ਼ ਵਿੱਚ ਯੂਪੀਆਈ ਲਾਂਚ ਕਰਨ ਦਾ ਫ਼ੈਸਲਾ ਕੀਤਾ। ਭਾਰਤ ਵੱਲੋਂ ਡਿਜੀਟਲ ਅਤੇ ਵਿੱਤੀ ਸੇਵਾਵਾਂ ਨੂੰ ਲਾਗੂ ਕਰਨ ਵਿੱਚ ਆਪਣੀ ਮੁਹਾਰਤ ਸਾਂਝੀ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੇ ਇਸ ਮਹੀਨੇ ਭਾਰਤ ਦਾ ਦੌਰਾ ਕੀਤਾ ਸੀ।
ਰਾਸ਼ਟਰਪਤੀ ਦਫਤਰ ਵੱਲੋਂ ਜਾਰੀ ਬਿਆਨ ਮੁਤਾਬਕ ਮਾਲਦੀਵ ਦੇ ਰਾਸ਼ਟਰਪਤੀ ਦੇ ਫੈ਼ਸਲੇ ਨਾਲ ਮਾਲਦੀਵ ਦੀ ਆਰਥਿਕਤਾ ਨੂੰ ਮਹੱਤਵਪੂਰਨ ਲਾਭ ਮਿਲਣ ਦੀ ਉਮੀਦ ਹੈ, ਜਿਸ ਵਿੱਚ ਵਿੱਤੀ ਸਮਾਵੇਸ਼ ਵਿੱਚ ਵਾਧਾ, ਵਿੱਤੀ ਲੈਣ-ਦੇਣ ਦੀ ਕੁਸ਼ਲਤਾ ਵਿੱਚ ਸੁਧਾਰ ਅਤੇ ਡਿਜੀਟਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਸ਼ਾਮਲ ਹੈ।
ਮਾਲਦੀਵ ਦੀ ਆਰਥਿਕਤਾ ਨੂੰ ਮਹੱਤਵਪੂਰਨ ਲਾਭ ਮਿਲਣ ਦੀ ਉਮੀਦ
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਫੈ਼ਸਲਾ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਆਰਥਿਕ ਵਿਕਾਸ ਅਤੇ ਵਪਾਰ ਮੰਤਰੀ ਦੁਆਰਾ ਪੇਸ਼ ਕੀਤੀ ਗਈ ਇੱਕ ਰਿਪੋਰਟ ‘ਤੇ ਕੈਬਨਿਟ ਦੁਆਰਾ ਡੂੰਘਾਈ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ।
ਰਾਸ਼ਟਰਪਤੀ ਮੁਈਜ਼ੂ ਨੇ ਮਾਲਦੀਵ ਵਿੱਚ ਯੂਪੀਆਈ ਨੂੰ ਲਾਂਚ ਕਰਨ ਲਈ ਇੱਕ ਕੰਸੋਰਟੀਅਮ ਸਥਾਪਤ ਕਰਨ ਦਾ ਵੀ ਫੈ਼ਸਲਾ ਕੀਤਾ ਅਤੇ ਅੱਗੇ ਸੁਝਾਅ ਦਿੱਤਾ ਕਿ ਦੇਸ਼ ਵਿੱਚ ਕੰਮ ਕਰ ਰਹੀਆਂ ਬੈਂਕਾਂ, ਦੂਰਸੰਚਾਰ ਕੰਪਨੀਆਂ, ਸਰਕਾਰੀ ਮਾਲਕੀ ਵਾਲੀਆਂ ਕੰਪਨੀਆਂ ਅਤੇ ਫਿਨਟੈਕ ਕੰਪਨੀਆਂ ਨੂੰ ਕੰਸੋਰਟੀਅਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਰਾਸ਼ਟਰਪਤੀ ਮੁਈਜ਼ੂ ਨੇ ਮਾਲਦੀਵ ਵਿੱਚ UPI ਦੀ ਸਥਾਪਨਾ ਦੀ ਨਿਗਰਾਨੀ ਕਰਨ ਲਈ ਆਰਥਿਕ ਵਿਕਾਸ ਅਤੇ ਵਪਾਰ ਮੰਤਰਾਲੇ ਦੀ ਅਗਵਾਈ ਵਿੱਚ ਵਿੱਤ ਮੰਤਰਾਲੇ, ਗ੍ਰਹਿ ਸੁਰੱਖਿਆ ਅਤੇ ਤਕਨਾਲੋਜੀ ਮੰਤਰਾਲੇ ਅਤੇ ਮਾਲਦੀਵ ਮੁਦਰਾ ਅਥਾਰਟੀ ਦੀ ਇੱਕ ਅੰਤਰ-ਏਜੰਸੀ ਤਾਲਮੇਲ ਟੀਮ ਸਥਾਪਤ ਕਰਨ ਦਾ ਵੀ ਫੈ਼ਸਲਾ ਕੀਤਾ ਹੈ।