ਭਾਜਪਾ ਦੀ ਆਗੂ ਤੇ ਕਾਂਗਰਸ ਦੀ ਸਾਬਕਾ ਵਿਧਾਇਕ ਸਤਿਕਾਰ ਕੌਰ ਤੇ ਉਨ੍ਹਾਂ ਦੇ ਡਰਾਈਵਰ ਵਰਿੰਦਰ ਕੁਮਾਰ ਨੂੰ ਡਰੱਗਸ ਦੀ ਖੇਪ ਸਪਲਾਈ ਕਰਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਤੋਂ ਬਚਣ ਲਈ ਦੋਵਾਂ ਨੇ ਪੁਲਿਸ ਮੁਲਾਜ਼ਮਾਂ ’ਤੇ ਗੱਡੀ ਚੜ੍ਹਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਨੇ ਦੋਵਾਂ ਨੂੰ ਫੜ ਲਿਆ। ਐਂਟੀ ਨਾਰਕੋਟਿਕਸ ਸੈੱਲ ਨੇ ਮੁਲਜ਼ਮਾਂ ਤੋਂ 100 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਬਾਅਦ ’ਚ ਮੁਲਜ਼ਮਾਂ ਦੀ ਖਰੜ ਸਥਿਤ ਰਿਹਾਇਸ਼ ਤੋਂ ਵੀ 28 ਗ੍ਰਾਮ ਸਮੈਕ (ਚਿੱਟਾ) ਤੇ ਇਕ ਲੱਖ 56 ਹਜ਼ਾਰ ਰੁਪਏ ਡਰੱਗਸ ਮਨੀ ਬਰਾਮਦ ਕੀਤੀ ਗਈ।ਸਤਿਕਾਰ ਕੌਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਫਿਰੋਜ਼ਪੁਰ ਦੇਹਾਤੀ ਤੋਂ ਵਿਧਾਇਕ ਸਨ। 2022 ’ਚ ਉਨ੍ਹਾਂ ਨੇ ਭਾਜਪਾ ਦਾ ਦਾਮਨ ਫੜ ਲਿਆ ਸੀ। ਪਿਛਲੇ ਸਾਲ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ’ਚ ਵਿਜੀਲੈਂਸ ਨੇ ਸਤਿਕਾਰ ਕੌਰ ਤੇ ਉਨ੍ਹਾਂ ਦੇ ਪਤੀ ਜਸਮਲ ਸਿੰਘ ਲਾਡੀ ਨੂੰ ਗ੍ਰਿਫ਼ਤਾਰ ਕੀਤਾ ਸੀ।ਆਈਜੀ ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਨਸ਼ੇ ਦਾ ਆਦੀ ਹੈ। ਇਕ ਔਰਤ ਉਸਨੂੰ ਨਸ਼ਾ ਵੇਚਣ ਲਈ ਮਜਬੂਰ ਕਰਦੀ ਹੈ। ਜਦੋਂ ਮਾਮਲੇ ’ਚ ਜਾਂਚ ਅੱਗੇ ਵਧੀ ਤਾਂ ਸਾਬਕਾ ਵਿਧਾਇਕ ਦਾ ਨਾਂ ਸਾਹਮਣੇ ਆਇਆ। ਸੂਤਰਾਂ ਵਲੋਂ ਪੁਲਿਸ ਨੂੰ ਕੁਝ ਕਾਲ ਰਿਕਾਡਿੰਗ ਵੀ ਦਿੱਤੀ ਸੀ, ਜਿਸ ’ਚ ਨਸ਼ੇ ਦੀ ਡੀਲ ਬਾਰੇ ਗੱਲਬਾਤ ਸੀ। ਇਸ ਤੋਂ ਬਾਅਦ ਦੋ ਮੋਬਾਈਲ ਨੰਬਰਾਂ ਨੂੰ ਸਰਵਿਲਾਂਸ ’ਤੇ ਲਗਾਇਆ ਗਿਆ। ਇਸ ’ਚ ਦੋ ਲੋਕਾਂ ਦੀ ਭੂਮਿਕਾ ਸਾਹਮਣੇ ਆਈ। ਫਿਰ ਪੁਲਿਸ ਨੇ ਸੂਤਰ ਨੂੰ ਗਾਹਕ ਬਣ ਕੇ ਨਸ਼ਾ ਮੰਗਵਾਉਣ ਲਈ ਕਿਹਾ। ਇਸ ਤੋਂ ਬਾਅਦ ਮੁਲਜ਼ਮ ਵਿਧਾਇਕ ਸਤਿਕਾਰ ਕੌਰ ਨਾਲ ਡੀਲ ਤੈਅ ਹੋਈ ਤੇ ਪੁਲਿਸ ਨੇ ਟ੍ਰੈਪ ਲਗਾਇਆ। ਜਦੋਂ ਉਹ ਨਸ਼ਾ ਸਪਲਾਈ ਕਰਨ ਖਰੜ ਪੁੱਜੀ ਤਾਂ ਖਰੜ ਦੇ ਬੂਥ ਵਾਲਾ ਚੌਕ ਦੇ ਨਜ਼ਦੀਕ ਵਿਧਾਇਕ ਤੇ ਉਸਦੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ।
ਆਈਜੀ ਨੇ ਕਿਹਾ ਕਿ ਮੁਲਜ਼ਮ ਨੂੰ ਕਾਬੂ ਕਰਨ ਤੋਂ ਬਾਅਦ ਖਰੜ ਦੇ ਸੰਨੀ ਇਨਕਲੇਵ ਸਥਿਤ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ•। ਮੁਲਜ਼ਮਾਂ ਦੇ ਘਰੋਂ ਜਿਹੜੀ ਇਕ ਲੱਖ ਤੋਂ ਜ਼ਿਆਦਾ ਨਕਦੀ ਮਿਲੀ, ਉਹ ਛੋਟੇ-ਛੋਟੇ ਪੈਕੇਟਾਂ ’ਚ ਸੀ। ਇਸ ਤੋਂ ਸਾਫ਼ ਸੀ ਕਿ ਇਹ ਡਰੱਗਸ ਮਨੀ ਹੈ। ਮੁਲਜ਼ਮ ਦੇ ਘਰੋਂ ਚਾਰ ਵਾਹਨ ਮਿਲੇ ਹਨ। ਜਿਨ੍ਹਾਂ ’ਚ ਇਕ ਫਾਰਚੂਨਰ, ਇਕ ਵਰਨਾ, ਇਕ ਬੀਐੱਮਡਬਲਯੂ ਤੇ ਇਕ ਹੋਰ ਕਾਰ ਸ਼ਾਮਲ ਹੈ। ਆਈਜੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਨਸ਼ਾ ਕਿੱਥੇ-ਕਿੱਥੇ ਸਪਲਾਈ ਕੀਤਾ ਜਾਂਦਾ ਸੀ? ਕਿਹੜੇ ਪੱਕੇ ਗਾਹਕ ਹਨ, ਇਸਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ’ਚ ਸ਼ਾਮਲ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਏਗਾ।