Home » ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਗੁਮਰਾਹਕੁਨ ਬਿਆਨਬਾਜ਼ੀ ਲਈ ਮਾਫ਼ੀ ਮੰਗੇ ਰਾਜਾ ਵੜਿੰਗ: ਜਥੇਦਾਰ ਰਘਬੀਰ ਸਿੰਘ….
Home Page News India India News

ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਗੁਮਰਾਹਕੁਨ ਬਿਆਨਬਾਜ਼ੀ ਲਈ ਮਾਫ਼ੀ ਮੰਗੇ ਰਾਜਾ ਵੜਿੰਗ: ਜਥੇਦਾਰ ਰਘਬੀਰ ਸਿੰਘ….

Spread the news


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਸੰਪੰਨ ਹਸਤੀ ਅਤੇ ਮਾਣ-ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀ ਗੁੰਮਰਾਹਕੁੰਨ ਬਿਆਨਬਾਜ਼ੀ ਦਾ ਗੰਭੀਰ ਨੋਟਿਸ ਲੈਂਦਿਆਂ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਹੈ। ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਾਜਿਆ ਸੱਚੀ ਪਾਤਸ਼ਾਹੀ ਦਾ ਤਖ਼ਤ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਗੁਰਮਤਿ ਸਿਧਾਂਤਾਂ ਦੀ ਤਰਜਮਾਨੀ ਕਰਨ ਵਾਲਾ ਸਿੱਖਾਂ ਦਾ ਸਰਬਉੱਚ ਅਸਥਾਨ ਹੈ ਅਤੇ ਸਿੱਖ ਸਿਧਾਂਤਾਂ ਦੀ ਅਵੱਗਿਆ ਕਰਨ ਵਾਲੇ ਕਿਸੇ ਵੱਡੇ ਤੋਂ ਵੱਡੇ ਤਾਕਤਵਰ ਦੇ ਨਾਲ ਵੀ ਇੱਥੋਂ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ।ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਰਾਜਾ ਵੜਿੰਗ ਨੇ ਆਪਣੀ ਸਿਆਸੀ ਬੁਖਲਾਹਟ ਵਿਚ ਕੀਤੀ ਬਿਆਨਬਾਜ਼ੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਅਤੇ ਸਨਮਾਨ ਨੂੰ ਭਾਰੀ ਠੇਸ ਪਹੁੰਚਾਈ ਹੈ, ਜੋ ਹਰਗਿਜ਼ ਨਾ-ਕਾਬਲੇ-ਬਰਦਾਸ਼ਤ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖ਼ਿਲਾਫ਼ ਕੂੜ-ਪ੍ਰਚਾਰ ਕਰਨ ਤੋਂ ਪਹਿਲਾਂ ਆਪਣੇ ਗਿਰੇਬਾਨ ਵਿਚ ਝਾਤ ਮਾਰਨੀ ਚਾਹੀਦੀ ਹੈ ਕਿ ਉਹ ਉਸ ਕਾਂਗਰਸ ਪਾਰਟੀ ਦਾ ਪੰਜਾਬ ਪ੍ਰਧਾਨ ਹੈ, ਜਿਸ ਦੀ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ-ਟੈਂਕਾਂ ਦੇ ਨਾਲ ਢਾਹਿਆ ਸੀ ਅਤੇ ਹਜ਼ਾਰਾਂ ਸਿੱਖਾਂ ਦਾ ਕੋਹ-ਕੋਹ ਕੇ ਕਤਲੇਆਮ ਕੀਤਾ ਸੀ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਆਖਿਆ ਕਿ ਜੇਕਰ ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮਾਨ ਵਿਰੁੱਧ ਕੀਤੀ ਬਿਆਨਬਾਜ਼ੀ ਲਈ ਤੁਰੰਤ ਗੁਰੂ ਪੰਥ ਕੋਲੋਂ ਮਾਫ਼ੀ ਨਾ ਮੰਗੀ ਤਾਂ ਉਸ ਦੇ ਖ਼ਿਲਾਫ਼ ਅਗਲੇ ਦਿਨਾਂ ਦੌਰਾਨ ਸਿੱਖ ਪਰੰਪਰਾਵਾਂ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।