ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਇਕ ਲੱਖ ਤੋਂ ਵੱਧ ਲੋਕਾਂ ਨੇ ਐਲਨ ਮਸਕ ਦੇ ਇੰਟਰਨੈੱਟ ਮੀਡੀਆ ਪਲੇਟਫਾਰਮ ਐਕਸ ਨੂੰ ਅਲਵਿਦਾ ਕਹਿ ਦਿੱਤਾ ਹੈ। ਸਾਲ 2022 ’ਚ ਐਲਨ ਮਸਕ ਵੱਲੋਂ ਐਕਵਾਇਰ ਕਰਨ ਤੋਂ ਬਾਅਦ ਯੂਜਰਜ਼ ਦੀ ਇਹ ਸਭ ਤੋਂ ਵੱਡੀ ਹਿਜਰਤ ਹੈ। ਉਹ ਬਲੂਸਕੀ ਵਰਗੇ ਪਲੇਟਫਾਰਮ ਨਾਲ ਜੁੜ ਗਏ ਹਨ। ਐਕਸ ਛੱਡਣ ਵਾਲਿਆਂ ’ਚ ਪ੍ਰਮੁੱਖ ਪੱਤਰਕਾਰ ਚਾਰਲੀ ਵਾਰਜੇਲ,ਨਿਊਯਾਰਕ ਟਾਈਮਜ਼ ਦੇ ਮਾਰਾ ਗੇ ਅਤੇ ਸਾਬਕਾ ਸੀਐੱਨਐੱਨ ਐਂਕਰ ਡਾਨ ਲੇਮਨ ਸ਼ਾਮਲ ਹਨ।ਬਿ੍ਟਿਸ਼ ਅਖਬਾਰ ਦਿ ਗਾਰਜੀਅਨ ਨੇ ਅਮਰੀਕੀ ਚੋਣ ਪ੍ਰਕਿਰਿਆ ਦੌਰਾਨ ਮਸਕ ਦੇ ਪ੍ਰਭਾਵ ’ਤੇ ਚਿੰਤਾ ਦਾ ਹਵਾਲਾ ਦਿੰਦਿਆਂ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਐਕਸ ਛੱਡ ਰਿਹਾ ਹੈ। ਹੁਣ ਉਹ ਸਾਈਟ ’ਤੇ ਕਿਸੇ ਵੀ ਅਧਿਕਾਰਕ ਗਾਰਜੀਅਨ ਅਕਾਊਂਟ ਤੋਂ ਪੋਸਟ ਨਹੀਂ ਕਰੇਗਾ। ਦਿ ਗਾਰਜੀਅਨ ਨੇ ਕਿਹਾ ਹੈ ਕਿ ਹਾਲ ਹੀ ਦੀਆਂ ਅਮਰੀਕੀ ਚੋਣਾਂ ’ਚ ਪਤਾ ਲੱਗਾ ਹੈ ਕਿ ਐਕਸ ਇਕ ਜ਼ਹਿਰੀਲਾ ਮੰਚ ਹੈ ਅਤੇ ਮਸਕ ਇਸ ਦੀ ਵਰਤੋਂ ਸਿਆਸਤ ਨੂੰ ਪ੍ਰਭਾਵਿਤ ਕਰਨ ਲਈ ਕਰਦੇ ਹਨ।
ਡਿਜੀਟਲ ਇੰਟੈਲੀਜੈਂਸ ਪਲੇਟਫਾਰਮ ਸਿਮਿਲਰਵੈੱਬ ਦੀ ਇਕ ਰਿਪੋਰਟ ਅਨੁਸਾਰ, 115,000 ਤੋਂ ਵੱਧ ਅਮਰੀਕੀ ਯੂਜਰਜ਼ ਨੇ ਚੋਣਾਂ ਦੇ ਅਗਲੇ ਦਿਨ ਹੀ ਆਪਣੇ ਐਕਸ ਖਾਤੇ ਡੀਐਕਟਿਵ ਕਰ ਦਿੱਤੇ। ਉਥੇ ਬਲੂਸਕੀ ਦੇ ਯੂਜਰਜ਼ ਦੀ ਗਿਣਤੀ 90 ਦਿਨਾਂ ’ਚ ਦੁੱਗਣੀ ਹੋ ਗਈ। ਇਸ ਪਲੇਟਫਾਰਮ ਨਾਲ ਇਕ ਹਫਤੇ ’ਚ ਹੀ 10 ਲੱਖ ਨਵੇਂ ਲੋਕ ਜੁੜੇ ਹਨ ਅਤੇ ਯੂਜਰਜ਼ ਦੀ ਗਿਣਤੀ 1.5 ਕਰੋੜ ਤੱਕ ਪੁੱਜ ਗਈ ਹੈ।
Add Comment