Home » ਸਕਾਟਲੈਂਡ ਸਿਰ ਸਜਿਆ ਹੈ ਵਿਸ਼ਵ ਦੀ ਸਭ ਤੋਂ ਘੱਟ ਸਮੇਂ ਦੀ ਹਵਾਈ ਉਡਾਨ ਦਾ ਸਿਹਰਾ…
Home Page News India India News

ਸਕਾਟਲੈਂਡ ਸਿਰ ਸਜਿਆ ਹੈ ਵਿਸ਼ਵ ਦੀ ਸਭ ਤੋਂ ਘੱਟ ਸਮੇਂ ਦੀ ਹਵਾਈ ਉਡਾਨ ਦਾ ਸਿਹਰਾ…

Spread the news

ਸਕਾਟਲੈਂਡ ਦੀ ਕੁਦਰਤੀ ਖੂਬਸੂਰਤੀ ਦਾ ਵਿਸ਼ਵ ਭਰ ਵਿੱਚ ਡੰਕਾ ਵੱਜਦਾ ਹੈ। ਸਕਾਚ ਵਿਸਕੀ ਕਰਕੇ ਤਾਂ ਸਕਾਟਲੈਂਡ ਮਸ਼ਹੂਰ ਹੈ ਹੀ, ਸਗੋਂ ਪੁਰਾਤਨ ਇਮਾਰਤਸਾਜੀ, ਕੁਦਰਤੀ ਸੁਹੱਪਣ ਤੇ ਲੋਕਾਂ ਦੇ ਮਿਲਾਪੜੇਪਣ ਕਰਕੇ ਵੀ ਸਕਾਟਲੈਂਡ ਪ੍ਰਸਿੱਧ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਵਿਸ਼ਵ ਭਰ ਵਿੱਚੋਂ ਸਭ ਤੋਂ ਘੱਟ ਸਮੇਂ ਵਾਲੀ ਫਲਾਈਟ ਜਾਣੀਕਿ ਹਵਾਈ ਸਫਰ ਦਾ ਵਿਸ਼ਵ ਕੀਰਤੀਮਾਨ ਵੀ ਸਕਾਟਲੈਂਡ ਦੇ ਹਿੱਸੇ ਆਇਆ ਹੋਇਆ ਹੈ। ਹੈ ਨਾ ਹੈਰਾਨ ਕਰਨ ਵਾਲੀ ਗੱਲ ਕਿ ਇੱਕ ਜਹਾਜ਼ ਇੱਕ ਹਵਾਈ ਅੱਡੇ ਤੋਂ ਉਡਾਨ ਭਰ ਕੇ ਦੂਜੇ ਹਵਾਈ ਅੱਡੇ ‘ਤੇ ਸਿਰਫ 60 ਤੋਂ 80 ਸਕਿੰਟ ਵਿੱਚ ਉੱਤਰ ਜਾਂਦਾ ਹੋਵੇ? ਜੀ ਹਾਂ, ਇਹ ਵਿਸ਼ਵ ਦੀ ਸਭ ਤੋਂ ਘੱਟ ਸਮੇਂ ਦੀ ਫਲਾਈਟ ਸਕਾਟਲੈਂਡ ਦੇ ਦੋ ਛੋਟੇ ਛੋਟੇ ਟਾਪੂਆਂ ਵੈਸਟਰੇ ਤੋਂ ਪਾਪਾ ਵੈਸਟਰੇ ਦਰਮਿਆਨ ਆਉਂਦੀ ਜਾਂਦੀ ਹੈ। ਏਅਰ ਕੰਪਨੀ ਲੋਗਨ ਏਅਰ ਦੇ ਜਹਾਜ਼ ਵੈਸਟਰੇ ਤੋਂ ਪਾਪਾ ਵੈਸਟਰੇ ਦਰਮਿਆਨ ਸਵਾਰੀਆਂ ਦੀ ਢੋਅ ਢੁਆਈ ‘ਚ ਲੱਗੇ ਰਹਿੰਦੇ ਹਨ। ਇਸ ਫਲਾਈਟ ਨੂੰ 60 ਤੋਂ 80 ਸੈਕਿੰਡ ਤੱਕ ਦਾ ਸਮਾਂ ਲੱਗਦਾ ਹੈ। ਤੇਜ ਤੋਂ ਤੇਜ਼ ਸਫਰ ਉਪਰੰਤ ਸਿਰਫ 53 ਸੈਕਿੰਡ ਦਾ ਸਮਾਂ ਵੀ ਰਿਕਾਰਡ ਵਜੋਂ ਦਰਜ ਹੈ। ਔਰਕਨੀ ਦੇ ਇਹਨਾਂ ਦੋ ਟਾਪੂਆਂ ਵਿਚਕਾਰ ਫਲਾਈਟ ਦੀ ਦੂਰੀ 1.7 ਮੀਲ ਹੈ ਤੇ ਦਸੰਬਰ 2016 ਵਿੱਚ ਇਹਨੂੰ ਵਿਸ਼ਵ ਦੀ ਸ਼ਬਦ ਤੋਂ ਛੋਟੀ ਉਡਾਨ ਹੋਣ ਦਾ ਮਾਣ ਮਿਲਿਆ ਸੀ। ਇਹ ਹਵਾਈ ਉਡਾਨ 1967 ‘ਚ ਸ਼ੁਰੂ ਹੋਈ ਸੀ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਫਲਾਈਟ ਦੀ ਇਹ ਦੂਰੀ ਐਡਿਨਬਰਾ ਏਅਰਪੋਰਟ ਦੇ ਇੱਕ ਰਨਵੇਅ ਜਿੰਨੀ ਹੀ ਹੈ। ਪਾਇਲਟ ਸਟੂਅਰਟ ਲਿੰਕਲੇਟਰ ਨੇ ਇਸ ਛੋਟੀ ਉਡਾਨ ਨੂੰ 20 ਹਜ਼ਾਰ ਤੋਂ ਵਧੇਰੇ ਵਾਰ ਨੇਪਰੇ ਚਾੜ੍ਹਿਆ ਸੀ ਤੇ 2013 ਵਿੱਚ ਰਿਟਾਇਰ ਹੋ ਗਿਆ। ਇਹਨਾਂ ਦੋਹਾਂ ਟਾਪੂਆਂ ਵਿਚਕਾਰ ਸਿਰਫ 53 ਸੈਕਿੰਡ ਦੀ ਸਭ ਤੋਂ ਤੇਜ਼ ਫਲਾਈਟ ਲਿਜਾਣ ਦਾ ਵਿਸ਼ਵ ਰਿਕਾਰਡ ਵੀ ਲਿੰਕਲੇਟਰ ਦੀ ਝੋਲੀ ਪਿਆ ਸੀ। ਇਸ ਵਿਸ਼ਵ ਦੀ ਸਭ ਤੋਂ ਛੋਟੀ ਉਡਾਨ ਦਾ ਆਨੰਦ ਜਾਂ ਤਾਂ ਪਾਪਾ ਵੈਸਟ ਸਥਿਤ 60 ਖੁਦਾਈ ਸਥਾਨਾਂ ਦਾ ਨਿਰੀਖਣ ਕਰਨ ਆਉਂਦੇ ਵਿਦਿਆਰਥੀ ਤੇ ਅਧਿਆਪਕ ਮਾਣਦੇ ਹਨ ਜਾਂ ਸਿਹਤ ਵਿਭਾਗ ਦੇ ਕਰਮਚਾਰੀ ਇਸ ਟਾਪੂ ‘ਤੇ ਵਸਦੇ 90 ਵਸਨੀਕਾਂ ਦੀ ਸੇਵਾ ‘ਚ ਪਹੁੰਚਦੇ ਹਨ। ਲੋੜ ਪੈਣ ‘ਤੇ ਬਿਮਾਰ ਲੋਕਾਂ ਨੂੰ ਸੇਹਤ ਸਹੂਲਤਾਂ ਲੈਣ ਲਈ ਵੀ ਇਸ ਫਲਾਈਟ ਦੀ ਲੋੜ ਪੈਂਦੀ ਹੈ। ਸਕਾਟਲੈਂਡ ਦੇ ਲਗਭਗ 790 ਟਾਪੂਆਂ ‘ਚੋਂ ਸਿਰਫ ਇਹੀ ਦੋ ਟਾਪੂ ਹਨ, ਜਿਹਨਾਂ ਦੀ ਆਵਾਜਾਈ ਵਿਸ਼ਵ ਕੀਰਤੀਮਾਨ ਕਰਕੇ ਪ੍ਰਸਿੱਧ ਹੋਈ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇੱਕ ਟਾਪੂ ਤੋਂ ਦੂਜੇ ਤੱਕ ਪਹੁੰਚਣ ਲਈ ਅਕਸਰ ਹੀ ਬੇੜੀਆਂ, ਕਿਸ਼ਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਵੈਸਟਰੇ ਤੇ ਪਾਪਾ ਵੈਸਟਰੇ ਦਰਮਿਆਨ ਕਿਸ਼ਤੀ ਲਗਭਗ 20-25 ਮਿੰਟ ਲਗਾਉਂਦੀ ਕਰਕੇ ਵੀ ਸ਼ਾਇਦ ਲੋਕ ਇਸ ਛੋਟੇ ਹਵਾਈ ਸਫਰ ਨੂੰ ਤਰਜੀਹ ਦਿੰਦੇ ਹਨ। ਇਸ ਦੇ ਨਾਲ ਨਾਲ ਪਾਣੀ ਵਿਚਲੀਆਂ ਚੱਟਾਨਾਂ ਦਾ ਡਰ ਵੀ ਉਹਨਾਂ ਨੂੰ ਹਵਾਈ ਸਫਰ ਵੱਲ ਤੋਰਦਾ ਹੈ। ਖਰਚੇ ਦੀ ਗੱਲ ਕਰੀਏ ਤਾਂ ਜਿਹੜੇ ਲੋਕ ਕੋਲੋਨਸੇ, ਔਰਕਨੀ, ਸ਼ੈਟਲੈਂਡ, ਵੈਸਟਰਨ ਆਈਲਜ਼, ਜਿਊਰਾ, ਕੇਥਨੈੱਸ ਤੇ ਸਦਰਲੈਂਡ ਵਿੱਚ ਪੱਕੀ ਰਿਹਾਇਸ਼ ਹੈ, ਉਹਨਾਂ ਨੂੰ 50 ਫੀਸਦੀ ਛੋਟ ਮਿਲਦੀ ਹੈ। ਸੀਨੀਅਰ ਸਿਟੀਜਨ, ਸੈਰ ਸਪਾਟੇ ਵਾਲੇ ਲੋਕਾਂ ਲਈ ਲੋਗਨ ਏਅਰ ਵੱਲੋਂ 15 ਤੋਂ 45 ਪੌਂਡ ਤੱਕ ਓਪਨ ਰਿਟਰਨ ਟਿਕਟ ਦੀ ਵਿਵਸਥਾ ਕੀਤੀ ਗਈ ਹੈ। ਇਸ ਵਿਲੱਖਣ ਤੇ ਵਿਸ਼ਵ ਕੀਰਤੀਮਾਨ ਬਣ ਚੁੱਕੇ ਸਫਰ ਲਈ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ।