ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਦੋ ਟੁਕ ਆਪਣਾ ਫੈਸਲਾ ਸੁਣਾਉਂਦਿਆਂ ਸਿੱਧੇ ਤੌਰ ’ਤੇ 2 ਦਸੰਬਰ 2024 ਦੇ ਹੋਏ ਆਦੇਸ਼ਾਂ ਨੂੰ ਤੁਰੰਤ ਬਿਨਾਂ ਆਨਾਕਾਨੀ ਤੋਂ ਲਾਗੂ ਕਰਨ ਸਬੰਧੀ ਖ਼ਬਰਾਂ ਰਾਹੀਂ ਸੁਨੇਹਾ ਭੇਜਿਆ ਗਿਆ ਸੀ ਜਿਸ ਦੇ ਫਲਸਰੂਪ ਅਕਾਲੀ ਦਲ ਵਿਚ ਹਲਚਲ ਪੈਦਾ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੇ ਡਾਕਟਰ ਦਲਜੀਤ ਸਿੰਘ ਚੀਮਾ ਬੁੱਧਵਾਰ ਨੂੰ ਦੁਪਹਿਰ 3 ਵਜੇ ਜਥੇਦਾਰ ਨੂੰ ਉਹਨਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ।
ਚਰਚਾਵਾਂ ਹਨ ਕਿ ਜਥੇਦਾਰ ਨੂੰ ਇਹ ਆਗੂ ਕਿਸੇ ਨਾ ਕਿਸੇ ਤਰੀਕੇ ਨਾਲ ਮਨਾ ਕੇ ਉਪਰੋਕਤ ਹੋਏ ਫੈਸਲੇ ਨੂੰ ਬਦਲਾਉਣ ਦੀਆਂ ਵੱਖ ਵੱਖ ਦਲੀਲਾਂ ਅਕਾਲੀ ਦਲ ਦੇ ਰਿਹਾ ਹੈ। ਇੱਥੋਂ ਤੱਕ ਕਿ ਪਹਿਲਾਂ ਵੀ ਐਡਵੋਕੇਟ ਜਨਰਲ ਪਾਸੋਂ ਇੱਕ ਵੱਡੀ ਰਿਪੋਰਟ ਤਿਆਰ ਕਰਵਾ ਕੇ ਪਾਰਟੀ ਦੇ ਸੰਵਿਧਾਨ ਦੇ ਨਾਲ ਸਬੰਧਤ ਜਥੇਦਾਰ ਨੂੰ ਪਿਛਲੇ ਦਿਨੀਂ ਸੌਂਪੀ ਗਈ ਸੀ, ਪਰ ਜਥੇਦਾਰ 2 ਦਸੰਬਰ ਨੂੰ ਹੋਏ ਫੈਸਲੇ ਨੂੰ ਲਾਗੂ ਕਰਵਾਉਣ ਲਈ ਆਪਣੀ ਅੜੀ ’ਤੇ ਹੈ। 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਸਬੰਧੀ ਹੋਏ ਫੈਸਲੇ ਵਿਚ ਵਰਕਿੰਗ ਕਮੇਟੀ ਨੂੰ ਆਦੇਸ਼ ਕੀਤਾ ਸੀ ਕਿ ਪ੍ਰਧਾਨ ਸਮੇਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਹਨ, ਉਹ ਤਿੰਨ ਦਿਨਾਂ ਦੇ ਅੰਦਰ-ਅੰਦਰ ਪ੍ਰਵਾਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਣਕਾਰੀ ਭੇਜੀ ਜਾਵੇ। ਵੱਖ ਹੋਏ ਧੜੇ ਨੂੰ ਚੁੱਲ੍ਹਾ ਸਮੇਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਆਦੇਸ਼ ਸੀ, ਜਿਨ੍ਹਾਂ ਨੇ ਆਪਣੀ ਸੁਧਾਰ ਲਹਿਰ ਨੂੰ ਸਮੇਟ ਦਿੱਤਾ ਸੀ।ਸਾਰਿਆਂ ਨੂੰ ਅਹੁਦੇਦਾਰੀਆਂ ਭੰਗ ਕਰਨ ਦਾ ਆਦੇਸ਼ ਸੀ। ਵੱਖਰਾ ਸੁਰ ਮੀਡੀਆ ਵਿਚ ਨਾ ਦਿਖਣਾ ਦਾ ਵੀ ਆਦੇਸ਼ ਸੀ, ਪਰ ਵਖਰਾ ਸੁਰ ਬੰਦ ਨਹੀਂ ਹੋਇਆ। ਦੋਵਾਂ ਧਿਰਾਂ ਨੂੰ ਆਪਣੀ ਹਉਮੈ ਅਤੇ ਈਰਖ਼ਾ ਦਾ ਤਿਆਗ ਕਰਕੇ ਇਕੱਠੇ ਹੋ ਕੇ ਚੱਲਣ ਦਾ ਆਦੇਸ਼ ਸੀ, ਜੋ ਹੁਣ ਤੱਕ ਵੱਖ-ਵੱਖ ਧੜਿਆਂ ਵਿਚ ਹੀ ਚੱਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ 7 ਮੈਂਬਰੀ ਕਮੇਟੀ ਗਠਿਤ ਕੀਤੀ ਸੀ, ਜਿਸ ਨੇ 6 ਮਹਿਨੇ ਵਿਚ ਡੈਲੀਗੇਟ ਸਿਸਟਮ ਨਾਲ 6 ਮਹੀਨਿਆਂ ਵਿਚ ਮੁੱੜ ਅਹੁਦੇਦਾਰਾਂ ਦੀ ਚੋਣ ਕਰਵਾਉਂਣੀ ਸੀ, ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਇਸ ਕਮੇਟੀ ਦੀ ਕੋਈ ਹਲਚਲ ਨਹੀਂ ਹੋਈ। ਇਹਨਾਂ ਫੈਸਲਿਆਂ ਨੂੰ ਮੰਨਣ ਲਈ ਅਕਾਲੀ ਦਲ ਆਨਾਕਾਨੀ ਕਰ ਰਿਹਾ ਹੈ। ਇਸੇ ਸੰਦਰਭ ’ਚ ਪਹਿਲਾਂ ਜਥੇਦਾਰ ਨੂੰ ਲਗਾਈ ਗਈ ਤਨਖਾਹ ਭੁਗਤ ਕੇ ਕੋਰ ਕਮੇਟੀ ਦੀ ਮੀਟਿੰਗ ਦਾ ਹਵਾਲਾ ਦੇ ਕੇ 20 ਦਿਨ ਦਾ ਸਮਾਂ ਲਿਆ ਗਿਆ ਸੀ। ਜਿਸ ਤੋਂ ਬਾਅਦ ਸ਼ਹੀਦੀ ਪੰਦੜਵਾੜਾ ਬੀਤ ਜਾਣ ਤੋਂ ਬਾਅਦ ਮੀਟਿੰਗ ਕਰਨ ਦਾ ਹਵਾਲਾ ਦਿੱਤਾ ਗਿਆ ਅਤੇ ਸਮਾਂ ਟਪਾਇਆ ਗਿਆ। ਇਸੇ ਦਰਮਿਆਨ ਹੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਲੱਗੇ ਦੋਸ਼ਾਂ ਨੂੰ 19 ਦਸੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ ਸੱਦ ਕੇ ਜਾਂਚ ਕਰਨ ਲਈ ਤਿੰਨ ਮੈਂਬਰੀ ਬਣਾ ਕੇ ਕੰਮਕਾਜ ‘ਤੇ ਰੋਕ ਲਗਾ ਦਿੱਤੀ ਸੀ। ਇਹ ਰੋਕ 31 ਦਸੰਬਰ ਨੂੰ ਹੋਈ ਅੰਤ੍ਰਿਗ ਕਮੇਟੀ ਦੀ ਇਕੱਤਰਤਾ ਵਿਚ ਜਾਂਚ ਦਾ ਹਵਾਲਾ ਦਿੰਦੇ ਇਕ ਮਹੀਨਾ ਅਗਾਂਹ ਵਧਾ ਦਿੱਤੀ। ਗਿਆਨੀ ਰਘਬੀਰ ਸਿੰਘ ਨੇ ਬੀਤੇ ਦਿਨੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਅਕਾਲੀ ਦਲ ਨੂੰ ਦੋ ਟੁੱਕ ਆਪਣਾ ਫੈਸਲਾ ਸੁਣਾਉਂਦਿਆਂ ਇਹ ਕਿਹਾ ਕਿ 2 ਦਸੰਬਰ ਨੂੰ ਹੋਏ ਫੈਸਲਿਆਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਦੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਨੂੰ ਵੀ ਮੁੱਢੋ ਰੱਦ ਕਰ ਦਿੱਤਾ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚ ਹਲਚਲ ਪੈਦਾ ਹੋ ਗਈ ਹੈ ਅਤੇ ਜਥੇਦਾਰ ਨੂੰ ਕਿਸੇ ਢੰਗ ਨਾਲ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ। ਚਰਚਾ ਹੈ ਕਿ ਜਥੇਦਾਰ ਨੂੰ ਇਸ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਪੰਜ ਸਿੰਘ ਸਾਹਿਬਾਨ ਵਿਚ ਇਹ ਮਾਮਲਾ ਵਿਚਾਰਨ ਲਈ ਵੀ ਕਿਹਾ ਜਾ ਸਕਦਾ ਹੈ।
Add Comment