Amritvele da Hukamnama Sri Darbar Sahib, Sri Amritsar, Ang 963, 27-Mar-2025
ਸਲੋਕ ਮਃ ੫ ॥ ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ ॥ ਮਨਿ ਤਨਿ ਹਿਰਦੈ ਸਿਮਰਿ ਹਰਿ ਆਠ ਪਹਰ ਗੁਣ ਗਾਉ ॥ ਉਪਦੇਸੁ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ ॥ ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ ਭਾਉ ॥ ਸੂਖ ਸਹਜ ਆਨਦੁ ਘਣਾ ਪ੍ਰਭ ਜਪਤਿਆ ਦੁਖੁ ਜਾਇ ॥ ਨਾਨਕ ਨਾਮੁ ਜਪਤ ਸੁਖੁ ਊਪਜੈ ਦਰਗਹ ਪਾਈਐ ਥਾਉ ॥੧॥
ਅਰਥ:- ਪ੍ਰਭੂ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਅੰਮ੍ਰਿਤ ਦਾ ਸੁਆਦ ਦੇਣ ਵਾਲਾ ਹੈ; (ਹੇ ਭਾਈ!) ਸਤਿਗੁਰੂ ਦੀ ਅੰਮ੍ਰਿਤ ਵਸਾਣ ਵਾਲੀ ਬਾਣੀ ਦੀ ਰਾਹੀਂ ਇਸ ਪ੍ਰਭੂ-ਨਾਮ ਨੂੰ ਮਨ ਵਿਚ, ਸਰੀਰ ਵਿਚ, ਹਿਰਦੇ ਵਿਚ ਸਿਮਰੋ ਤੇ ਅੱਠੇ ਪਹਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੋ। ਹੇ ਗੁਰ-ਸਿੱਖੋ! (ਸਿਫ਼ਤਿ-ਸਾਲਾਹ ਵਾਲਾ ਇਹ) ਉਪਦੇਸ਼ ਸੁਣੋ, ਜ਼ਿੰਦਗੀ ਦਾ ਅਸਲ ਮਨੋਰਥ ਇਹੀ ਹੈ। ਮਨ ਵਿਚ (ਪ੍ਰਭੂ ਦਾ) ਪਿਆਰ ਟਿਕਾਓ, ਇਹ ਮਨੁੱਖਾ ਜੀਵਨ-ਰੂਪ ਕੀਮਤੀ ਦਾਤਿ ਸਫਲ ਹੋ ਜਾਇਗੀ। ਪ੍ਰਭੂ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ, ਸੁਖ, ਆਤਮਕ ਅਡੋਲਤਾ ਤੇ ਬੇਅੰਤ ਖ਼ੁਸ਼ੀ ਪ੍ਰਾਪਤ ਹੁੰਦੀ ਹੈ। ਹੇ ਨਾਨਕ! ਪ੍ਰਭੂ ਦਾ ਨਾਮ ਜਪਿਆਂ (ਇਸ ਲੋਕ ਵਿਚ) ਸੁਖ ਪੈਦਾ ਹੁੰਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ।1।
Add Comment