ਮਾਸੂਮ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਉਸਨੂੰ ਮੌਤ ਦੇ ਘਾਟ ਉਤਾਰ ਦੇਣ ਦੇ ਮਾਮਲੇ ਵਿੱਚ ਵੀਰਵਾਰ ਨੂੰ ਐਡੀਸ਼ਨਲ ਸੈਸ਼ਨ ਜੱਜ ਫਾਸਟ ਟਰੈਕ ਕੋਰਟ ਅੰਡਰ ਪੋਸਕੋ ਕੋਰਟ ਅਮਰਜੀਤ ਸਿੰਘ ਨੇ ਇਤਿਹਾਸਿਕ ਫੈਸਲਾ ਸੁਣਾਇਆ ਹੈ। ਅਦਾਲਤ ਨੇ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਫਤਿਹਪੁਰ ਇਲਾਕੇ ਦੇ ਰਹਿਣ ਵਾਲੇ ਦੋਸ਼ੀ ਸੋਨੂੰ ਨੂੰ ਮੌਤ ਦੀ ਸਜ਼ਾ ਸੁਣਾਉਂਦਿਆਂ ਫਾਂਸੀ ਦੇ ਹੁਕਮ ਜਾਰੀ ਕੀਤੇ ਹਨ
ਤਕਰੀਬਨ ਇੱਕ ਸਾਲ ਪਹਿਲੋਂ ਲੁਧਿਆਣਾ ਦੇ ਡਾਬਾ ਇਲਾਕੇ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰਹਿਣ ਆਈ ਚਾਰ ਸਾਲ ਦੀ ਮਾਸੂਮ ਬੱਚੀ ਦੀ ਲਾਸ਼ ਬੈੱਡ ਬਾਕਸ ‘ਚੋਂ ਬਰਾਮਦ ਕੀਤੀ ਗਈ ਸੀ । ਲੜਕੀ ਨਾਲ ਹੈਵਾਨੀਅਤ ਕੀਤੀ ਹੋਈ ਸੀ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ‘ਤੇ ਸਾਹਮਣੇ ਆਇਆ ਸੀ ਕਿ ਦੋਸ਼ੀ ਬੱਚੀ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਸੀ। ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਸਨੇ ਲੜਕੀ ਦੇ ਮੂੰਹ ‘ਤੇ ਸਿਰਹਾਣਾ ਰੱਖ ਕੇ ਉਸਨੂੰ ਮੌਤ ਦੇ ਘਾਟ ਉਤਾਰ ਕੇ ਲਾਸ਼ ਬਾਕਸ ਬੈੱਡ ਵਿੱਚ ਸੁੱਟ ਦਿੱਤੀ ਸੀ। ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫ਼ਰਾਰ ਹੋ ਗਿਆ।
ਪੁਲਿਸ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਇਲਾਕੇ ਵਿੱਚ ਧਰਨੇ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਗਏ। ਕੁਝ ਸਮੇਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਬਾਹਰਲੇ ਸੂਬੇ ਤੋਂ ਗ੍ਰਿਫਤਾਰ ਕੀਤਾ। ਇਸ ਸ਼ਰਮਨਾਕ ਘਟਨਾ ਦੇ ਇੱਕ ਸਾਲ ਬਾਅਦ ਫਾਸਟ ਟਰੈਕ ਕੋਰਟ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ।