Home » ਕੈਨੇਡਾ ‘ਚ 21 ਸਾਲਾ ਪੰਜਾਬਣ ਦੀ ਸ਼ੱਕੀ ਹਾਲਾਤਾਂ ਵਿੱਚ ਸਮੁੰਦਰ ਕੰਢਿਓਂ ਮਿਲੀ ਲਾਸ਼…
Home Page News India India News World World News

ਕੈਨੇਡਾ ‘ਚ 21 ਸਾਲਾ ਪੰਜਾਬਣ ਦੀ ਸ਼ੱਕੀ ਹਾਲਾਤਾਂ ਵਿੱਚ ਸਮੁੰਦਰ ਕੰਢਿਓਂ ਮਿਲੀ ਲਾਸ਼…

Spread the news

ਡੇਰਾਬੱਸੀ ਸ਼ਹਿਰ ਤੋਂ ਕੈਨੇਡਾ ਪੜ੍ਹਨ ਗਈ ਇਕ 21 ਸਾਲਾ ਲੜਕੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ 21 ਸਾਲਾ ਦੀ ਵੰਸ਼ੀਕਾ ਦੇ ਰੂਪ ਵਿੱਚ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਢਾਈ ਸਾਲ ਪਹਿਲਾਂ ਬਾਰ੍ਹਵੀਂ ਪਾਸ ਕਰਨ ਮਗਰੋਂ ਡੇਰਾਬੱਸੀ ਤੋਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਓਟਾਵਾ ਖੇਤਰ ਗਈ ਸੀ। ਉਸ ਵੱਲੋਂ ਦੋ ਸਾਲ ਦੇ ਕੋਰਸ ਵਿੱਚ ਦਾਖ਼ਲਾ ਲਿਆ ਗਿਆ ਸੀ, ਆਖ਼ਰੀ ਪ੍ਰੀਖਿਆ ਉਸਨੇ 18 ਅਪ੍ਰੈਲ ਨੂੰ ਦਿੱਤੀ ਸੀ। ਹੁਣ ਕੁੱਝ ਦਿਨ ਤੋਂ ਉਹ ਨੌਕਰੀ ’ਤੇ ਜਾਣ ਲੱਗੀ ਸੀ।22 ਤਰੀਕ ਨੂੰ ਉਹ ਘਰ ਤੋਂ ਆਪਣੀ ਨੌਕਰੀ ’ਤੇ ਗਈ ਸੀ ਪਰ ਵਾਪਸ ਨਹੀਂ ਆਈ। ਉਸਦੀ 25 ਤਰੀਕ ਨੂੰ ਆਈਲੈਟਸ ਦੀ ਪ੍ਰੀਖਿਆ ਸੀ, ਜਿਸ ਲਈ ਅੱਜ ਸਵੇਰ ਤੋਂ ਉਸਦੇ ਨਾਲ ਪੇਪਰ ਦੇਣ ਜਾਣ ਵਾਲੀ ਸਹੇਲੀ ਵੱਲੋਂ ਵਾਰ-ਵਾਰ ਫੋਨ ਕੀਤੇ ਗਏ ਪਰ ਫੋਨ ਸਵਿੱਚ ਆਫ਼ ਸੀ। ਉਹ ਪ੍ਰੀਖਿਆ ਦੇਣ ਮਗਰੋਂ ਜਦ ਵੰਸ਼ਿਕਾ ਦੇ ਘਰ ਆ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਉਹ 25 ਤਰੀਕ ਨੂੰ ਨੌਕਰੀ ਗਈ ਸੀ ਪਰ ਵਾਪਸ ਨਹੀਂ ਆਈ।

ਉਸਨੇ ਭਾਰਤ ਵਿਚ ਰਹਿੰਦੇ ਉਸਦੇ ਪਰਿਵਾਰ ਅਤੇ ਉਥੇ ਰਹਿੰਦੇ ਹੋਰਨਾਂ ਦੋਸਤਾਂ ਨੂੰ ਜਾਣਕਾਰੀ ਦੇ ਕੇ ਆਪਣੇ ਪੱਧਰ ’ਤੇ ਉਸਦੀ ਭਾਲ ਸ਼ੁਰੁ ਕੀਤੀ। ਮ੍ਰਿਤਕਾ ਦੇ ਦੋਸਤਾਂ ਅਤੇ ਹੋਰਨਾਂ ਸਨੇਹੀਆਂ ਨੇ ਉਥੋਂ ਦੇ ਮੈਂਬਰ ਪਾਰਲੀਮੈਂਟ ਨਾਲ ਵੀ ਸੰਪਰਕ ਕੀਤਾ, ਜਿਸਨੇ ਉਸਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਮੇਲ ਵੀ ਕੀਤੀ।ਦੱਸਿਆ ਜਾ ਰਿਹਾ ਹੈ ਕਿ ਅੱਜ ਉਸਦੀ ਲਾਸ਼ ਸਮੁੰਦਰ ਦੇ ਕੰਢੇ ਬੀਚ ਤੋਂ ਮਿਲੀ ਹੈ। ਵੰਸ਼ਿਕਾ ਦੀ ਮੌਤ ਦੀ ਖ਼ਬਰ ਸੁਣ ਕੇ ਉਸਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ 22 ਤਰੀਕ ਨੂੰ ਉਸਦੀ ਆਪਣੀ ਧੀ ਨਾਲ ਫੋਨ ’ਤੇ ਗੱਲ ਹੋਈ ਸੀ ਪਰ ਤਿੰਨ ਦਿਨ ਤੋਂ ਗੱਲ ਨਹੀਂ ਹੋਈ। ਉਨ੍ਹਾਂ ਨੂੰ ਲੱਗਿਆ ਕਿ ਉਹ ਆਪਣੇ ਪੇਪਰ ਦੀ ਤਿਆਰੀ ਵਿਚ ਵਿਅਸਤ ਹੈ। ਉਨ੍ਹਾਂ ਨੇ ਸ਼ੱਕ ਪ੍ਰਗਟਾਇਆ ਕਿ ਉਸਦਾ ਕਤਲ ਹੋਇਆ ਹੈ, ਜਿਸਦੀ ਜਾਂਚ ਹੋਣੀ ਚਾਹੀਦੀ ਹੈ।
ਆਮ ਆਦਮੀ ਪਾਰਟੀ ਦੇ ਆਗੂ ਦਵਿੰਦਰ ਸੈਣੀ ਵਾਸੀ ਸੈਣੀ ਮੁਹੱਲਾ ਡੇਰਾਬੱਸੀ ਦੀ ਧੀ ਸੀ। ਦਵਿੰਦਰ ਸੈਣੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਨੇੜਲਿਆਂ ਵਿੱਚੋਂ ਇਕ ਹਨ।