Home » ਪੰਜ ਨਸ਼ਾ ਤਸਕਰਾਂ ਦੀ 9 ਕਰੋੜ ਤੋਂ ਵੱਧ ਦੀ ਜਾਇਦਾਦ ਫਰੀਜ਼…
Home Page News India India News

ਪੰਜ ਨਸ਼ਾ ਤਸਕਰਾਂ ਦੀ 9 ਕਰੋੜ ਤੋਂ ਵੱਧ ਦੀ ਜਾਇਦਾਦ ਫਰੀਜ਼…

Spread the news


ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਿਆਂ ਆਰੰਭੀ ਕਾਰਵਾਈ ਦੇ ਚੱਲਦਿਆਂ ਜ਼ਿਲ੍ਹਾ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਪੰਜ ਨਸ਼ਾ ਤਸਕਰਾਂ ਦੀ 9 ਕਰੋੜ ਤੋਂ ਵੱਧ ਕੀਮਤ ਵਾਲੀ ਜਾਇਦਾਦ ਨੂੰ ਫਰੀਜ਼ ਕੀਤਾ ਹੈ। ਇਹ ਕਾਰਵਾਈ ਦਿੱਲੀ ਦੀ ਕੰਪੀਟੈਂਟ ਅਥਾਰਟੀ ਨੂੰ ਭੇਜੇ ਗਏ ਕੇਸਾਂ ਦੀ ਮਨਜੂਰੀ ਆਉਣ ਉਪਰੰਤ ਕੀਤੀ ਗਈ ਹੈ। ਜਦੋਂਕਿ ਫਰੀਜ਼ ਕੀਤੀਆਂ ਜਾਇਦਾਦਾਂ ਦੇ ਬਾਹਰ ਬਕਾਇਦਾ ਨੋਟਿਸ ਅਤੇ ਬੋਰਡ ਵੀ ਲਗਾ ਦਿੱਤੇ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਤਸਕਰ ਨਿਸ਼ਾਨ ਸਿੰਘ ਪੁੱਤਰ ਸਵ. ਕਰਮ ਸਿੰਘ ਵਾਸੀ ਡਾਲੇਕੇ ਦੇ ਖਿਲਾਫ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ 500 ਗ੍ਰਾਮ ਹੈਰੋਇਨ ਦੀ ਬਰਾਮਦੀ ਸਬੰਧੀ ਕੇਸ ਦਰਜ ਹੈ। ਉਸਦੀ ਖੇਤੀਬਾੜੀ ਵਾਲੀ 12.79 ਏਕੜ ਜ਼ਮੀਨ ਜਿਸਦੀ ਕੀਮਤ 7 ਕਰੋੜ 4 ਲੱਖ 20 ਹਜ਼ਾਰ ਰੁਪਏ ਬਣਦੀ ਹੈ, ਨੂੰ ਫਰੀਜ਼ ਕੀਤਾ ਗਿਆ ਹੈ।ਇਸੇ ਤਰ੍ਹਾਂ ਤੇਜ਼ਪਾਲ ਸਿੰਘ ਫੌਜੀ ਪੁੱਤਰ ਮੇਹਰ ਸਿੰਘ ਵਾਸੀ ਕਲੇਰ ਵਿਰੁੱਧ ਥਾਣਾ ਸਦਰ ਤਰਨਤਾਰਨ ਵਿਖੇ 400 ਗ੍ਰਾਮ ਹੈਰੋਇਨ ਦੀ ਬਰਾਮਦਗੀ ਸਬੰਧੀ ਕੇਸ ਦਰਜ ਹੈ ਦੇ ਰਿਹਾਇਸ਼ੀ ਘਰ, ਜਿਸਦੀ ਕੀਮਤ 40 ਲੱਖ 70 ਹਜ਼ਾਰ ਰੁਪਏ ਬਣਦੀ ਹੈ, ਨੂੰ ਫਰੀਜ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਨਸ਼ਾ ਤਸਕਰ ਹਰਦੀਪ ਸਿੰਘ ਦੀਪ ਪੁੱਤਰ ਪ੍ਰਗਟ ਸਿੰਘ ਵਾਸੀ ਠੱਠੀ ਸੋਹਲ ਜਿਸ ਦੇ ਖਿਲਾਫ ਥਾਣਾ ਸਰਾਏ ਅਮਾਨਤ ਖਾਂ ਵਿਖੇ 6 ਕਿੱਲੋ 112 ਗ੍ਰਾਮ ਹੈਰੋਇਨ ਦੀ ਬਰਾਮਦਗੀ ਸਬੰਧੀ ਕੇਸ ਦਰਜ ਸੀ, ਦਾ ਰਿਹਾਇਸ਼ੀ ਘਰ ਜਿਸਦੀ ਕੀਮਤ 42 ਲੱਖ 10 ਹਜ਼ਾਰ ਰੁਪਏ ਅਤੇ ਇਕ ਸਵਿਫਟ ਕਾਰ ਜਿਸਦੀ ਕੀਮਤ 5 ਲੱਖ 88 ਹਜ਼ਾਰ 548 ਰੁਪਏ ਬਣਦੀ ਹੈ, ਨੂੰ ਫਰੀਜ਼ ਕੀਤਾ ਗਿਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਇਸੇ ਤਰ੍ਹਾਂ ਤਸਕਰ ਅਕਾਸ਼ਦੀਪ ਸਿੰਘ ਕਾਸ਼ੀ ਪੁੱਤਰ ਬਲਵਿੰਦਰ ਸਿੰਘ ਵਾਸੀ ਰੋੜਾਂਵਾਲੀ ਖੁਰਦ ਜਿਲ੍ਹਾ ਅੰਮ੍ਰਿਤਸਰ ਜਿਸ ਦੇ ਖਿਲਾਫ ਥਾਣਾ ਸਿਟੀ ਤਰਨਤਾਰਨ ਵਿਖੇ 1 ਕਿੱਲੋ ਹੈਰੋਇਨ ਦੀ ਬਰਾਮਦਗੀ ਸਬੰਧੀ ਕੇਸ ਦਰਜ ਸੀ ਦਾ ਰਿਹਾਇਸ਼ੀ ਘਰ ਜਿਸਦੀ ਕੀਮਤ 45 ਲੱਖ 70 ਹਜ਼ਾਰ ਰੁਪਏ ਬਣਦੀ ਹੈ, ਨੂੰ ਫਰੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰਜਿੰਦਰ ਸਿੰਘ ਅਜੈ ਪੁੱਤਰ ਸੁਖਵਿੰਦਰ ਸਿੰਘ ਵਾਸੀ ਵੈਰੋਂਵਾਲ ਬਾਵਿਆਂ, ਜਿਸ ਦੇ ਖਿਲਾਫ 756 ਗ੍ਰਾਮ ਹੈਰੋਇਨ ਦੀ ਬਰਾਮਦਗੀ ਸਬੰਧੀ ਥਾਣਾ ਵੈਰੋਂਵਾਲ ’ਚ ਕੇਸ ਦਰਜ ਸੀ, ਦਾ 61.70 ਲੱਖ ਦੀ ਕੀਮਤ ਵਾਲਾ ਰਿਹਾਇਸ਼ੀ ਘਰ, 3 ਲੱਖ ਰੁਪਏ ਕੀਮਤ ਦੀ ਮਹਿੰਦਰਾ ਜੀਪ ਅਤੇ 87 ਹਜ਼ਾਰ 200 ਰੁਪਏ ਦੀ ਡਰੱਗ ਮਨੀ, ਜੋ ਕੁੱਲ 65 ਲੱਖ 57 ਹਜ਼ਾਰ 200 ਰੁਪਏ ਬਣਦੀ ਹੈ, ਨੂੰ ਫਰੀਜ਼ ਕੀਤਾ ਗਿਆ ਹੈ।

ਸਾਲ 2025 ’ਚ 44 ਤਸਕਰਾਂ ਦੀ 23 ਕਰੋੜ ਦੀ ਜਾਇਦਦ ਕੀਤੀ ਫਰੀਜ਼ : ਐੱਸਐੱਸਪੀ

ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਸਾਲ 2025 ’ਚ ਹੁਣ ਤੱਕ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ 44 ਨਸ਼ਕਰਾਂ ਦੀ ਜਾਇਦਾਦ ਨੂੰ ਦਿੱਲੀ ਦੀ ਕੰਪੀਟੈਂਟ ਅਥਾਰਟੀ ਵੱਲੋਂ ਜਾਰੀ ਆਦੇਸ਼ਾਂ ਦੇ ਤਹਿਤ ਫਰੀਜ਼ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਫਰੀਜ਼ ਕੀਤੀ ਗਈ ਜਾਇਦਾਦ ਦੀ ਕੀਮਤ 22 ਕਰੋੜ 99 ਲੱਖ 77 ਹਜ਼ਾਰ 733 ਰੁਪਏ ਬਣਦੀ ਹੈ। ਐੱਸਐੱਸਪੀ ਪਾਰੀਕ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਿਥੇ ਨਸ਼ਾ ਵੇਚਣ ਵਾਲਿਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਰਿਹਾ ਹੈ। ਉਥੇ ਹੀ ਨਸ਼ੇ ਨਾਲ ਬਣਾਈਆਂ ਜਾਇਦਾਦਾਂ ਨੂੰ ਵੀ ਫਰੀਜ਼ ਕੀਤਾ ਜਾ ਰਿਹਾ ਹੈ।

ਕੈਪਸ਼ਨ- ਫਰੀਜ ਕੀਤੀ ਗਈ ਜਮੀਨ ਨੂੰ ਫਰੀਜ ਕੀਤੇ ਜਾਣ ਸਬੰਧੀ ਬੋਰਡ ਲਗਾਉਣ ਮੌਕੇ ਜਾਣਕਾਰੀ ਦਿੰਦੇ ਡੀਐੱਸਪੀ ਅਤੁਲ ਸੋਨੀ ਨਾਲ ਹਨ ਥਾਣਾ ਸਦਰ ਦੇ ਮੁਖੀ ਅਵਤਾਰ ਸਿੰਘ ਤੇ ਹੋਰ।

ਕੈਪਸ਼ਨ- ਥਾਣਾ ਵੈਰੋਂਵਾਲ ਦੇ ਮੁਖੀ ਸਬ ਇੰਸਪੈਕਟਰ ਨਰੇਸ਼ ਕੁਮਾਰ ਫਰੀਜ਼ ਕੀਤੀ ਗਈ ਜਾਇਦਾਦ ਦੇ ਬਾਹਰ ਬੋਰਡ ਲਗਾਉਣ ਮੌਕੇ ਜਾਣਕਾਰੀ ਦਿੰਦੇ ਹੋਏ।

ਕੈਪਸ਼ਨ- ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਅਮਰੀਕ ਸਿੰਘ ਦੀ ਨਿਗਰਾਨੀ ਹੇਠ ਫਰੀਜ਼ ਕੀਤੀ ਗਈ ਜਾਇਦਾਦ ਉੱਪਰ ਨੋਟਿਸ ਚਿਪਕਾਉਂਦੇ ਹੋਏ ਪੁਲਿਸ ਕਰਮਚਾਰੀ।