ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਅਗਲੇ ਮਹੀਨੇ ਹੋ ਸਕਦੀਆਂ ਹਨ। ਰਾਜ ਦੇ 23 ਜ਼ਿਲ੍ਹਾ ਪ੍ਰੀਸ਼ਦ ਅਤੇ 153 ਬਲਾਕ ਸੰਮਤੀਆਂ ਦਾ ਕਾਰਜਕਾਲ ਸਤੰਬਰ 2023 ’ਚ ਖ਼ਤਮ ਹੋ ਚੁੱਕਾ ਹੈ। ਉਦੋਂ ਤੋਂ ਲੋਕ ਚੋਣਾਂ ਦੀ ਉਡੀਕ ਕਰ ਰਹੇ ਹਨ। ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਬਲਾਕਾਂ ਦੀ ਹੱਦਬੰਦੀ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ। ਇਸ ਮਹੀਨੇ ਦੇ ਅੰਤ ਤੱਕ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਚੋਣਾਂ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।ਸੌਂਦ ਨੇ ਦੱਸਿਆ ਕਿ ਬਲਾਕ ਹੱਦਬੰਦੀ ਬਹੁਤ ਹੀ ਪੇਚੀਦਾ ਕੰਮ ਸੀ ਕਿਉਂਕਿ ਰਾਜ ਵਿਚ ਕਈ ਬਲਾਕ ਦੋ ਜਾਂ ਤਿੰਨ ਵਿਧਾਨ ਸਭਾ ਖੇਤਰਾਂ ਵਿਚ ਆਉਂਦੇ ਸਨ। ਨਵੀਂ ਹੱਦਬੰਦੀ ਵਿਚ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਕਿ ਇਕ ਬਲਾਕ ਇਕ ਹੀ ਵਿਧਾਨ ਸਭਾ ਖੇਤਰ ਵਿਚ ਰਹੇ।ਦਿਹਾਤੀ ਵਿਕਾਸ ਮੰਤਰੀ ਨੇ ਦੱਸਿਆ ਕਿ ਬਲਾਕਾਂ ਦੀ ਹੱਦਬੰਦੀ ਲੰਬੇ ਸਮੇਂ ਤੋਂ ਨਹੀਂ ਹੋਈ ਸੀ। ਨਵੇਂ ਜ਼ਿਲ੍ਹੇ ਵੀ ਬਣੇ ਹਨ ਜਿਸ ਕਾਰਨ ਇਕ ਬਲਾਕ ਦੇ ਕੁਝ ਪਿੰਡ ਕਿਸੇ ਦੂਜੇ ਵਿਧਾਨ ਸਭਾ ਖੇਤਰ ਵਿਚ ਆਉਂਦੇ ਸਨ ਅਤੇ ਬਾਕੀ ਦੂਜੇ ਵਿੱਚ। ਕਈ ਥਾਵਾਂ ’ਤੇ ਤਾਂ ਇਕ ਬਲਾਕ ਨੂੰ ਤਿੰਨ ਵਿਧਾਨ ਸਭਾ ਖੇਤਰ ਵੀ ਲੱਗਦੇ ਸਨ ਜਿਸ ਕਾਰਨ ਪਿੰਡਾਂ ਦਾ ਵਿਕਾਸ ਪ੍ਰਭਾਵਿਤ ਹੁੰਦਾ ਸੀ ਕਿਉਂਕਿ ਦੂਜੇ ਵਿਧਾਨ ਸਭਾ ਖੇਤਰ ਵਿਚ ਹੋਣ ਕਾਰਨ ਵਿਧਾਇਕ ਉਨ੍ਹਾਂ ਪਿੰਡਾਂ ਵੱਲ ਧਿਆਨ ਨਹੀਂ ਦੇ ਸਕਦੇ ਸਨ ਜੋ ਕਿ ਉਨ੍ਹਾਂ ਦੇ ਖੇਤਰ ਵਿਚ ਨਹੀਂ ਆਉਂਦੇ ਸਨ। ਪ੍ਰਸ਼ਾਸਨਿਕ ਪੱਧਰ ’ਤੇ ਵੀ ਕੁਝ ਅਜਿਹਾ ਹੀ ਹੁੰਦਾ ਸੀ। ਸੌਂਦ ਨੇ ਕਿਹਾ ਕਿ ਬਲਾਕਾਂ ਦੀ ਗਿਣਤੀ ਤਾਂ 153 ਹੀ ਰਹੇਗੀ ਪਰ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਇਕ ਬਲਾਕ ਇਕ ਹੀ ਵਿਧਾਨ ਸਭਾ ਖੇਤਰ ਵਿਚ ਪਵੇ ਤਾਂ ਜੋ ਪਿੰਡਾਂ ਦੇ ਵਿਕਾਸ ਕਾਰਜ ਪ੍ਰਭਾਵਿਤ ਨਾ ਹੋਣ।ਜ਼ਿਕਰਯੋਗ ਹੈ ਕਿ ਹੱਦਬੰਦੀ ਨੂੰ ਲੈ ਕੇ ਕਈ ਪਿੰਡ ਵਿਰੋਧ ਕਰ ਰਹੇ ਸਨ। ਇਸ ਦੇ ਨਾਲ ਚੋਣਾਂ ਸਮੇਂ ਸਿਰ ਨਾ ਹੋਣ ਕਾਰਨ ਇਸ ਸਬੰਧੀ ਹਾਈ ਕੋਰਟ ਵਿਚ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ ਜਿੱਥੇ ਪੰਜਾਬ ਸਰਕਾਰ ਨੇ 31 ਮਈ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਹਲਫੀਆ ਬਿਆਨ ਦਿੱਤਾ ਸੀ। ਚੋਣਾਂ ਨਾ ਕਰਵਾ ਸਕਣ ਕਾਰਨ ਸਰਕਾਰ ਦੁਬਾਰਾ ਹਾਈ ਕੋਰਟ ਗਈ ਸੀ। ਇਸ ਵੇਲੇ ਮੰਤਰੀ ਹੁਣ ਦਾਅਵਾ ਕਰ ਰਹੇ ਹਨ ਕਿ ਅਗਸਤ ਮਹੀਨੇ ਚੋਣਾਂ ਹੋ ਸਕਦੀਆਂ ਹਨ।
ਅਗਸਤ ‘ਚ ਹੋ ਸਕਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ, ਬਲਾਕ ਹੱਦਬੰਦੀ ਦਾ ਕੰਮ ਲਗਪਗ ਮੁਕੰਮਲ…












