ਚਾਰ ਦਹਾਕੇ ਤੋਂ ਵੱਧ ਪੁਰਾਣੇ ਪਾਣੀਆਂ ਦੇ ਵਿਵਾਦ ਨੂੰ ਸੁਲਝਾਉਣ ਲਈ ਹਰਿਆਣਾ ਤੇ ਪੰਜਾਬ ਰਾਜ਼ੀ ਹੋ ਗਏ ਹਨ। ਦੋਵੇਂ ਸੂਬਿਆਂ ਨੇ ਬੁੱਧਵਾਰ ਨੂੰ ਕੇਂਦਰ ਦੀ ਅਗਵਾਈ ਵਿਚ ਹੋਈ ਮੀਟਿੰਗ ’ਚ ਛੇਤੀ ਹੀ ਇਸ ਵਿਵਾਦ ਨੂੰ ਸੁਲਝਾਉਣ ਦੇ ਸੰਕੇਤ ਦਿੱਤੇ। ਨਾਲ ਹੀ ਕਿਹਾ ਕਿ ਅਸੀਂ ਦੋ ਸੂਬੇ ਨਹੀਂ ਬਲਕਿ ਦੋ ਭਰਾ ਹਾਂ। ਪਾਣੀਆਂ ਦੇ ਵਿਵਾਦ ਨੂੰ ਸੁਲਝਾਉਣ ਲਈ ਦੋਵਾਂ ਸੂਬਿਆਂ ਵਿਚਾਲੇ ਪੰਜ ਅਗਸਤ ਨੂੰ ਫਿਰ ਮੀਟਿੰਗ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਦੋਵਾਂ ਸੂਬਿਆਂ ਵਿਚਾਲੇ ਕੋਈ ਸਹਿਮਤੀ ਬਣ ਸਕਦੀ ਹੈ। ਵੈਸੇ ਵੀ ਸੁਪਰੀਮ ਕੋਰਟ ’ਚ ਇਸ ਮਾਮਲੇ ਦੀ 13 ਅਗਸਤ ਨੂੰ ਸੁਣਵਾਈ ਹੋਣੀ ਹੈ।ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਦੀ ਪ੍ਰਧਾਨਗੀ ਵਿਚ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੌਜੂਦਗੀ ਵਿਚ ਹੋਈ ਮੀਟਿੰਗ ’ਚ ਦੋਵੇਂ ਸੂਬੇ ਇਸ ਵਿਵਾਦ ਨੂੰ ਛੇਤੀ ਸੁਲਝਾਉਣ ਨੂੰ ਲੈ ਕੇ ਰਾਜ਼ੀ ਦਿਸੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਜਲ ਸ਼ਕਤੀ ਮੰਤਰੀ ਤੋਂ ਇਸ ਨੂੰ ਸੁਲਝਾਉਣ ਲਈ ਫਾਸਟ ਟਰੈਕ ਮੀਟਿੰਗ ਦੀ ਮੰਗ ਕੀਤੀ। ਇਕ ਸਵਾਲ ਦੇ ਜਵਾਬ ਵਿਚ ਮਾਨ ਨੇ ਕਿਹਾ ਕਿ ਹਰਿਆਣਾ ਸਾਡਾ ਕੋਈ ਦੁਸ਼ਮਣ ਨਹੀਂ ਹੈ। ਅਸੀਂ ਦੋ ਸੂਬੇ ਨਹੀਂ ਬਲਕਿ ਦੋ ਭਰਾ ਹਾਂ ਪਰ ਅਸੀਂ ਪੰਜਾਬ ਦਾ ਹੱਕ ਵੀ ਮਾਰਨ ਨਹੀਂ ਦੇਵਾਂਗੇ।ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਪਾਣੀਆਂ ਦੇ ਬਟਵਾਰੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਸਾਰਥਕ ਮੀਟਿੰਗ ਹੋਈ ਹੈ। ਪੰਜਾਬ-ਹਰਿਆਣਾ ਦੋਵੇਂ ਭਰਾ-ਭਰਾ ਹਨ। ਅਸੀਂ ਦੋਵੇਂ ਇਕ-ਦੂਜੇ ਦੇ ਹਿੱਤਾਂ ਨੂੰ ਦੇਖਦੇ ਹੋਏ ਛੇਤੀ ਹੀ ਵਿਵਾਦ ਸੁਲਝਾਉਣ ਲਈ ਸਹਿਮਤ ਹਾਂ।
ਜ਼ਿਕਰਯੋਗ ਹੈ ਕਿ ਪੰਜਾਬ-ਹਰਿਆਣਾ ਵਿਚਾਲੇ ਸਤਲੁਜ-ਯਮੁਨਾ ਲਿੰਕ ਨਹਿਰ ਬਣਾਉਣ ਨੂੰ ਲੈ ਕੇ ਸਹਿਮਤੀ 1976 ਵਿਚ ਬਣੀ ਸੀ। ਹਰਿਆਣਾ ਨੇ ਇਸ ਤਹਿਤ ਆਪਣੇ ਖੇਤਰ ਵਿਚ ਨਹਿਰ ਤਾਂ ਬਣਾ ਦਿੱਤੀ ਪਰ ਪੰਜਾਬ ਨੇ ਨਹੀਂ ਬਣਾਈ। ਇਸ ਪ੍ਰੋਜੈਕਟ ਤਹਿਤ ਪੰਜਾਬ ਤੋਂ ਹੋ ਕੇ ਹੀ ਹਰਿਆਣਾ ਨੂੰ ਪਾਣੀ ਜਾਣਾ ਹੈ। ਇਸ ਤੋਂ ਇਲਾਵਾ ਵੀ ਦੋਵਾਂ ਸੂਬਿਆਂ ਵਿਚਾਲੇ ਪਾਣੀ ਨੂੰ ਲੈ ਕੇ ਕਈ ਹੋਰ ਵਿਵਾਦ ਹਨ।













