Home » ਦਲਾਈ ਲਾਮਾ ਦੇ ਵਾਰਸ ਦਾ ਮੁੱਦਾ ਭਾਰਤ ਨਾਲ ਸਬੰਧਾਂ ’ਚ ਅੜਿੱਕਾ, ਜੈਸ਼ੰਕਰ ਦੇ ਦੌਰੇ ਤੋਂ ਠੀਕ ਪਹਿਲਾਂ ਚੀਨ ਦਾ ਤਿੱਖਾ ਬਿਆਨ
Home Page News India India News World World News

ਦਲਾਈ ਲਾਮਾ ਦੇ ਵਾਰਸ ਦਾ ਮੁੱਦਾ ਭਾਰਤ ਨਾਲ ਸਬੰਧਾਂ ’ਚ ਅੜਿੱਕਾ, ਜੈਸ਼ੰਕਰ ਦੇ ਦੌਰੇ ਤੋਂ ਠੀਕ ਪਹਿਲਾਂ ਚੀਨ ਦਾ ਤਿੱਖਾ ਬਿਆਨ

Spread the news

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਦੌਰੇ ਤੋਂ ਠੀਕ ਪਹਿਲਾਂ ਨਵੀਂ ਦਿੱਲੀ ਸਥਿਤ ਚੀਨੀ ਦੂਤਘਰ ਨੇ ਐਤਵਾਰ ਨੂੰ ਕਿਹਾ ਕਿ ਤਿੱਬਤੀ ਧਰਮਗੁਰੂ ਦਲਾਈ ਲਾਮਾ ਦੇ ਉੱਤਰਾਧਿਕਾਰ ਦਾ ਮਸਲਾ ਚੀਨ-ਭਾਰਤ ਸੰਬੰਧਾਂ ’ਚ ਇਕ ‘ਕਾਂਟਾ’ ਹੈ। ਉਸ ਨੇ ਇਸ ਮਸਲੇ ਨੂੰ ਅੰਦਰੂਨੀ ਮਾਮਲਾ ਦੱਸਦੇ ਹੋਏ ਕਿਹਾ ਕਿ ਤਿੱਬਤ ਮਸਲੇ ਦੇ ਕਾਰਨ ਹੀ ਦੋਹਾਂ ਪੱਖੀਆਂ ਸੰਬੰਧਾਂ ’ਚ ਤਣਾਅ ਹੈ। ਹਾਲਾਂਕਿ, ਧਰਮ ਅਤੇ ਆਸਥਾ ਨਾਲ ਜੁੜੇ ਮਾਮਲਿਆਂ ’ਚ ਨਿਰਪੱਖ ਰਹਿਣ ਦਾ ਭਾਰਤ ਦਾ ਰੁਖ ਪਹਿਲਾਂ ਹੀ ਸਪਸ਼ਟ ਹੈ।
ਜੈਸ਼ੰਕਰ 15 ਜੁਲਾਈ ਨੂੰ ਉੱਤਰ ਚੀਨ ਦੇ ਤਿਆਨਜ਼ਿਨ ’ਚ ਸ਼ੰਘਾਈ ਸਹਿਯੋਗ ਸੰਸਥਾ ’ਚ ਇਕ ਖੇਤਰੀ ਸੁਰੱਖਿਆ ਕਾਨਫਰੰਸ ’ਚ ਭਾਗ ਲੈਣਗੇ ਤੇ ਇਸ ਦੌਰਾਨ ਉਹ ਦੁਵੱਲੀਆਂ ਬੈਠਕਾਂ ਵੀ ਕਰਨਗੇ। ਸਾਲ 2020 ’ਚ ਸਰਹੱਦ ’ਤੇ ਹੋਏ ਫ਼ੌਜੀ ਸੰਘਰਸ਼ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਚੀਨ ਦੌਰਾ ਹੈ। ਇਸ ਸੰਘਰਸ਼ ’ਚ ਘੱਟੋ-ਘੱਟ 20 ਭਾਰਤੀ ਤੇ ਚਾਰ ਚੀਨੀ ਫ਼ੌਜੀ ਮਾਰੇ ਗਏ ਸਨ। ਇਸ ਤੋਂ ਬਾਅਦ ਦੁਵੱਲੇ ਰਿਸ਼ਤਿਆਂ ’ਚ ਗਿਰਾਵਟ ਆਈ ਸੀ ਪਰ ਪਿਛਲੇ ਮਹੀਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸ਼ੰਘਾਈ ਸਹਿਯੋਗ ਸੰਸਥਾ ਦੀ ਰੱਖਿਆ ਮੰਤਰੀਆਂ ਦੀ ਬੈਠਕ ਤੋਂ ਇਤਰ ਆਪਣੇ ਚੀਨੀ ਹਮਰੁਤਬਾ ਨਾਲ ਗੱਲਬਾਤ ਕੀਤੀ ਸੀ।ਚੀਨੀ ਦੂਤਘਰ ਦੇ ਬੁਲਾਰੇ ਯੂ ਜਿੰਗ ਨੇ ਐਕਸ ਪੋਸਟ ’ਚ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ‘ਭਾਰਤ ’ਚ ਸਟ੍ਰੈਟੇਜਿਕ ਤੇ ਸਿੱਖਿਅਕ ਸਮੂਹਾਂ ਦੇ ਕੁਝ ਲੋਕਾਂ ਨੇ ਦਲਾਈ ਲਾਮਾ ਦੇ ਪੁਨਰਜਨਮ ’ਤੇ ਗਲਤ ਟਿੱਪਣੀ ਕੀਤੀ ਹੈ। ਵਿਦੇਸ਼ੀ ਮਾਮਲਿਆਂ ਦੇ ਮਾਹਿਰਾਂ ਵਜੋਂ ਉਨ੍ਹਾਂ ਨੂੰ ਸ਼ਿਜਾਂਗ ਨਾਲ ਜੁੜੇ ਮਾਮਲਿਆਂ ਦੀ ਸੰਵੇਦਨਸ਼ੀਲਤਾ ਬਾਰੇ ਪੂਰੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ।’ ਯੂ ਨੇ ਤਿੱਬਤ ਲਈ ਚੀਨੀ ਨਾਂ ‘ਸ਼ਿਜਾਂਗ’ ਦਾ ਉਪਯੋਗ ਕਰਦਿਆਂ ਕਿਹਾ, ‘ਦਲਾਈ ਲਾਮਾ ਦਾ ਪੁਨਰਜਨਮ ਅਤੇ ਵਾਰਸ ਪ੍ਰਾਕ੍ਰਿਤਕ ਰੂਪ ’ਚ ਚੀਨ ਦਾ ਅੰਦਰੂਨੀ ਮਾਮਲਾ ਹੈ। ਸ਼ਿਜਾਂਗ ਨਾਲ ਜੁੜਿਆ ਮਾਮਲਾ ਚੀਨ-ਭਾਰਤ ਸਬੰਧਾਂ ’ਚ ਇੱਕ ਅੜਿੱਕਾ ਬਣ ਗਿਆ ਹੈ ਤੇ ਭਾਰਤ ਲਈ ਭਾਰ ਬਣ ਗਿਆ ਹੈ। ‘ਸ਼ਿਜਾੰਗ ਕਾਰਡ’ ਖੇਡਣਾ ਯਕੀਨੀ ਤੌਰ ’ਤੇ ਆਪਣੇ ਹੀ ਪੈਰਾਂ ਤੇ ਕੁਹਾੜੀ ਮਾਰਨ ਵਰਗਾ ਹੋਵੇਗਾ•।

ਜ਼ਿਕਰਯੋਗ ਹੈ ਕਿ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਦਲਾਈ ਲਾਮਾ ਦੇ 90ਵੀਂ ਜਨਮਦਿਨ ਸਮਾਰੋਹ ਦੌਰਾਨ ਕਿਹਾ ਸੀ ਕਿ ਇਕ ਬੌਧ ਭਗਤ ਹੋਣ ਦੇ ਨਾਤੇ ਉਹਨਾਂ ਦਾ ਮੰਨਣਾ ਹੈ ਕਿ ਕੇਵਲ ਆਧਿਆਤਮਿਕ ਗੁਰੂ ਅਤੇ ਉਹਨਾਂ ਦੇ ਦਫਤਰ ਨੂੰ ਹੀ ਉਹਨਾਂ ਦੇ ਪੁਨਰਜਨਮ ‘ਤੇ ਫੈਸਲਾ ਕਰਨ ਦਾ ਅਧਿਕਾਰ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦਲਾਈ ਲਾਮਾ ਦੇ ਜਨਮਦਿਨ ਤੋਂ ਦੋ ਦਿਨ ਪਹਿਲਾਂ ਚਾਰ ਜੁਲਾਈ ਨੂੰ ਕਿਹਾ ਸੀ ਕਿ ਨਵੀਂ ਦਿੱਲੀ ਆਸਥਾ ਅਤੇ ਧਰਮ ਦੀਆਂ ਮਾਨਤਾਵਾਂ ਅਤੇ ਪ੍ਰਥਾਵਾਂ ਨਾਲ ਸੰਬੰਧਿਤ ਮਾਮਲਿਆਂ ’ਤੇ ਕੋਈ ਰੁਖ ਨਹੀਂ ਅਪਣਾਉਂਦੀ ਤੇ ਨਾ ਹੀ ਕੋਈ ਟਿੱਪਣੀ ਕਰਦੀ ਹੈ। ਆਪਣੇ ਜਨਮਦਿਨ ਦੇ ਸਮਾਰੋਹ ਤੋਂ ਪਹਿਲਾਂ ਦਲਾਈ ਲਾਮਾ ਨੇ ਇਹ ਕਹਿ ਕੇ ਚੀਨ ਨੂੰ ਫਿਰ ਤੋਂ ਨਾਰਾਜ਼ ਕਰ ਦਿੱਤਾ ਕਿ ਉਨ੍ਹਾਂ ਦੇ ਵਾਰਸ ਦੀ ਚੋਣ ’ਚ ਚੀਨ ਦੀ ਕੋਈ ਭੂਮਿਕਾ ਨਹੀਂ ਹੈ ਪਰ ਚੀਨ ਦਾ ਕਹਿਣਾ ਹੈ ਕਿ ਦਲਾਈ ਲਾਮਾ ਦੇ ਵਾਰਸ ਨੂੰ ਉਸ ਦੀ ਮਨਜ਼ੂਰੀ ਲੈਣੀ ਪਵੇਗੀ।