ਪੰਜਾਬ ਦੇ ਤਿੰਨ ਨੌਜਵਾਨਾਂ ਦੀ ਮਣੀਮਹੇਸ਼ ਦੀ ਯਾਤਰਾ ਦੌਰਾਨ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਮਨ (18) ਤੇ ਰੋਹਿਤ (18) ਦੋਵੇਂ ਵਾਸੀ ਪਠਾਨਕੋਟ ਤੇ ਅਨਮੋਲ (26) ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਚੰਬਾ ਦੇ ਭਰਮੌਰ ਲਿਆਂਦੀ ਗਈਆਂ ਹਨ, ਜਿੱਥੇ ਤਿੰਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਕ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਰਹਿਣ ਵਾਲੇ 18 ਸਾਲਾ ਅਮਨ ਦੀ ਮੌਤ ਐਤਵਾਰ ਨੂੰ ਗੌਰੀਕੁੰਡ ’ਚ ਆਕਸੀਜਨ ਦੀ ਕਮੀ ਕਾਰਨ ਹੋਈ। ਇਸੇ ਤਰ੍ਹਾਂ ਭਰਿਆਲ ਲਾਹੜੀ, ਪਠਾਨਕੋਟ ਵਾਸੀ 18 ਸਾਲਾ ਰੋਹਿਤ ਦੀ ਮੌਤ ਕੁਗਤੀ ਟਰੈਕ ’ਤੇ ਹੋਈ। ਅਮਲ ਦੀ ਲਾਸ਼ ਐਤਵਾਰ ਰਾਤ ਅਤੇ ਰੋਹਿਤ ਦੀ ਲਾਸ਼ ਸੋਮਵਾਰ ਨੂੰ ਮਾਊਂਟ ਟ੍ਰੇਨਿੰਗ ਤੇ ਐੱਨਡੀਆਰਐਫ ਟੀਮ ਭਰਮੌਰ ਲੈ ਕੇ ਆਈਆਂ। ਇਸੇ ਤਰ੍ਹਾਂ 26 ਸਾਲਾ ਅਨਮੋਲ, ਪੁੱਤਰ ਪ੍ਰੇਮ ਕੁਮਾਰ ਵਾਸੀ ਬਾਈਪਾਸ ਗੁਰਦਾਸਪੁਰ, ਦੀ ਮੌਤ ਸੋਮਵਾਰ ਨੂੰ ਧੰਚੋ ਟਰੈਕ ’ਤੇ ਹੋਈ। ਤਿੰਨਾਂ ਦੀ ਮੌਤ ਆਕਸੀਜਨ ਦੀ ਕਮੀ ਕਾਰਨ ਹੋਈ। ਭਰਮੌਰ ਦੇ ਏਡੀਐਮ ਕੁਲਬੀਰ ਸਿੰਘ ਰਾਣਾ ਨੇ ਇਨ੍ਹਾਂ ਮੌਤਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਿੰਨਾਂ ਦੇ ਪਰਿਵਾਰਾਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ 14 ਅਗਸਤ ਤੋਂ ਸ਼ੁਰੂ ਹੋਈ ਮਣੀਮਹੇਸ਼ ਦੀ ਯਾਤਰਾ 31 ਅਗਸਤ ਤੱਕ ਚੱਲਣੀ ਹੈ। ਹੁਣ ਤੱਕ ਇਸ ਯਾਤਰਾ ਦੌਰਾਨ ਵੱਖ-ਵੱਖ ਕਾਰਨਾਂ ਕਰਕੇ 14 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ।ਓਧਰ ਮੌਸਮ ਦੀ ਖ਼ਰਾਬੀ ਕਾਰਨ ਯਾਤਰਾ ਆਰਜ਼ੀ ਤੌਰ ’ਤੇ ਰੋਕ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਮਣੀਮਹੇਸ਼ ਜਾਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਵਾਂ ’ਤੇ ਰਹਿਣ ਦੀ ਅਪੀਲ ਕੀਤੀ ਹੈ।
ਮਣੀਮਹੇਸ਼ ਯਾਤਰਾ ‘ਤੇ ਗਏ ਪੰਜਾਬ ਦੇ ਤਿੰਨ ਨੌਜਵਾਨਾਂ ਦੀ ਮੌ,ਤ….












