ਫਿਰੋਜ਼ਪੁਰ ਪੁਲਿਸ ਅਤੇ ਬੀਐੱਸਐੱਫ ਦੀ 99 ਬਟਾਲੀਅਨ ਨੇ ਫਿਰੋਜ਼ਪੁਰ ਭਾਰਤ ਦੇ ਅੰਤਰਰਾਸ਼ਟਰੀ ਬਾਰਡਰ ਦੇ ਨਾਲ ਲੱਗਦੇ ਪਿੰਡ ਪਧਰੀ (ਥਾਣਾ ਸਦਰ ਫਿਰੋਜ਼ਪੁਰ) ਦੇ ਖੇਤਾਂ ਵਿਚੋਂ ਕਰੀਬ 20 ਕਿਲੋ ਤੋਂ ਵੱਧ ਹੈਰੋਇਨ ਦੀ ਵੱਡੀ ਖੇਪ ਫੜਨ ਦਾ ਦਾਅਵਾ ਕੀਤਾ ਹੈ ਅਤੇ ਜਿਸ ਨਾਲ ਪਾਕਿਸਤਾਨੀ ਅਤੇ ਭਾਰਤੀ ਤਸਕਰਾਂ ਦਾ ਮਿਸ਼ਨ ਇਕ ਵਾਰ ਫਿਰ ਤੋਂ ਨਾਕਾਮ ਹੋ ਗਿਆ ਹੈ। ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਭਾਰਤੀ ਤਸਕਰਾਂ ਵੱਲੋਂ ਡਰੋਨ ਤੋਂ ਫਿਰੋਜ਼ਪੁਰ ਦੇ ਏਰੀਏ ਵਿਚ ਪਾਕਿਸਤਾਨੀ ਤਸਕਰਾਂ ਤੋਂ ਹੈਰੋਇਨ ਦੀ ਵੱਡੀ ਖੇਪ ਮੰਗਵਾਈ ਗਈ ਹੈ ਜੋ ਦੇਸ਼ ਵਿਚ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਪਲਾਈ ਕੀਤੀ ਜਾਣੀ ਹੈ ਤਾਂ ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਵੱਲੋਂ ਤੁਰੰਤ ਦੱਸੇ ਗਏ ਪਿੰਡ ਪਧਰੀ ਦੇ ਏਰੀਏ ਵਿਚ ਜੁਆਇੰਟ ਸਰਚ ਆਪਰੇਸ਼ਨ ਚਲਾਇਆ ਗਿਆ।
ਇਸ ਆਪਰੇਸ਼ਨ ਦੌਰਾਨ ਖੇਤਾਂ ਵਿਚੋਂ ਕਰੀਬ 20 ਕਿਲੋ ਤੋਂ ਵੱਧ ਹੈਰੋਇਨ ਮਿਲੀ ਜੋ ਪੁਲਿਸ ਵੱਲੋਂ ਆਪਣੇ ਕਬਜ਼ੇ ਵਿਚ ਲੈ ਲਈ ਗਈ ਹੈ ਅਤੇ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹੈਰੋਇਨ ਕਿਹੜੇ ਭਾਰਤੀ ਤਸਕਰਾਂ ਵੱਲੋਂ ਪਾਕਿਸਤਾਨੀ ਤਸਕਰਾਂ ਤੋਂ ਮੰਗਵਾਈ ਗਈ ਸੀ ਅਤੇ ਅੱਗੇ ਕਿੱਥੇ ਸਪਲਾਈ ਕੀਤੀ ਜਾਣੀ ਸੀ? ਪਤਾ ਲੱਗਾ ਹੈ ਕਿ ਜਿਨ੍ਹਾਂ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਹੈਰੋਇਨ ਦੀ ਇਹ ਖੇਪ ਲਿਜਾਈ ਜਾਣੀ ਸੀ ਉਹ ਤਸਕਰ ਪੁਲਿਸ ਅਤੇ ਬੀਐਸਐਫ ਨੂੰ ਦੇਖ ਕੇ ਉੱਥੋਂ ਫਰਾਰ ਹੋ ਗਏ, ਉਨ੍ਹਾਂ ਨਸ਼ਾ ਤਸਕਰਾਂ ਦੀ ਫਿਰੋਜ਼ਪੁਰ ਪੁਲਿਸ ਵੱਲੋਂ ਵੱਡੇ ਪੱਧਰ ‘ਤੇ ਤਲਾਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।













