Home » ਨਿਊਜ਼ੀਲੈਂਡ ‘ਚ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਭਾਈਚਾਰਿਆਂ ਲਈ ਖ਼ਾਸ ਸੰਦੇਸ਼, ਦੀਵਾਲੀ ਸਮਾਗਮਾਂ ਦੌਰਾਨ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਦਾ ਭਰੋਸਾ…
Home Page News • India • New Zealand Local News • NewZealand

ਨਿਊਜ਼ੀਲੈਂਡ ‘ਚ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਭਾਈਚਾਰਿਆਂ ਲਈ ਖ਼ਾਸ ਸੰਦੇਸ਼, ਦੀਵਾਲੀ ਸਮਾਗਮਾਂ ਦੌਰਾਨ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਦਾ ਭਰੋਸਾ…

Spread the news

31 ਅਕਤੂਬਰ ਤੇ 1 ਨਵੰਬਰ ਨੂੰ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਨਿਊਜ਼ੀਲੈਂਡ ਪੁਲਿਸ ਵੱਲੋਂ ਭਾਈਚਾਰਿਆਂ ਲਈ ਖ਼ਾਸ ਸੰਦੇਸ਼, ਦੀਵਾਲੀ ਸਮਾਗਮਾਂ ਦੌਰਾਨ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਦਾ ਭਰੋਸਾ।

ਨਿਊਜ਼ੀਲੈਂਡ ਪੁਲਿਸ ਵੱਲੋਂ ਮੀਡੀਆ ਰਿਲੀਜ਼
21 ਅਕਤੂਬਰ 2026
ਵੱਖ-ਵੱਖ ਨਸਲੀ ਅਤੇ ਭਾਈਚਾਰਕ ਸਮੂਹਾਂ ਲਈ ਪੁਲਿਸ ਵੱਲੋਂ ਸੁਰੱਖਿਆ ਅਤੇ ਭਰੋਸੇ ਦਾ ਸੰਦੇਸ਼
ਇੰਸਪੈਕਟਰ ਅਲੀਸ ਰੌਬਰਟਸਨ, ਆਪ੍ਰੇਸ਼ਨ ਕਮਾਂਡਰ ਵੱਲੋਂ ਜਾਰੀ ਸੰਦੇਸ਼:
ਨਿਊਜ਼ੀਲੈਂਡ ਪੁਲਿਸ ਇਸ ਗੱਲ ਨੂੰ ਸਮਝਦੀ ਹੈ ਕਿ 31 ਅਕਤੂਬਰ ਤੋਂ 1 ਨਵੰਬਰ 2026 ਦੇ ਹਫ਼ਤੇ ਦੇ ਅੰਤ ਦੌਰਾਨ ਹੋਣ ਵਾਲੇ ਯੋਜਨਾਬੱਧ ਵਿਰੋਧ ਪ੍ਰਦਰਸ਼ਨਾਂ ਅਤੇ ਰੈਲੀਆਂ ਨੂੰ ਲੈ ਕੇ ਵੱਖ-ਵੱਖ ਭਾਈਚਾਰਿਆਂ ਵਿੱਚ ਚਿੰਤਾ ਹੋ ਸਕਦੀ ਹੈ।
ਪੁਲਿਸ ਦੀ ਪਹਿਲੀ ਤਰਜੀਹ ਦੀਵਾਲੀ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਅਤੇ ਆਮ ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ।
ਇਸ ਦੌਰਾਨ ਪੁਲਿਸ ਦੀ ਮੌਜੂਦਗੀ ਸਪੱਸ਼ਟ ਤੌਰ ‘ਤੇ ਨਜ਼ਰ ਆਵੇਗੀ, ਤਾਂ ਜੋ ਜਨਤਕ ਸੁਰੱਖਿਆ ਬਣਾਈ ਰੱਖੀ ਜਾ ਸਕੇ, ਕਾਨੂੰਨੀ ਗਤੀਵਿਧੀਆਂ ਨੂੰ ਸਹਿਯੋਗ ਦਿੱਤਾ ਜਾ ਸਕੇ ਅਤੇ ਕਿਸੇ ਵੀ ਘਟਨਾ ਵਾਪਰਨ ‘ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਪੁਲਿਸ ਵੱਲੋਂ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਲੇ-ਦੁਆਲੇ ਦੇ ਮਾਹੌਲ ਪ੍ਰਤੀ ਸੁਚੇਤ ਰਹਿਣ, ਖ਼ਾਸ ਕਰਕੇ ਜਦੋਂ ਉਹ ਸਮਾਗਮਾਂ ਵਾਲੇ ਇਲਾਕਿਆਂ ਵਿੱਚੋਂ ਲੰਘ ਰਹੇ ਹੋਣ ਜਾਂ ਉੱਥੇ ਜਾ ਰਹੇ ਹੋਣ।
ਜੇਕਰ ਕੋਈ ਵਿਅਕਤੀ ਅਜਿਹੀ ਭਾਸ਼ਾ, ਵਿਵਹਾਰ ਜਾਂ ਸੰਦੇਸ਼ਾਂ ਦਾ ਸਾਹਮਣਾ ਕਰਦਾ ਹੈ ਜੋ ਅਪਮਾਨਜਨਕ ਜਾਂ ਪਰੇਸ਼ਾਨ ਕਰਨ ਵਾਲੇ ਹੋਣ, ਤਾਂ ਪੁਲਿਸ ਅਪੀਲ ਕਰਦੀ ਹੈ ਕਿ ਕਿਸੇ ਨਾਲ ਬਹਿਸ ਜਾਂ ਟਕਰਾਅ ਨਾ ਕੀਤਾ ਜਾਵੇ ਅਤੇ ਸਥਿਤੀ ਨੂੰ ਹੋਰ ਨਾ ਵਿਗਾੜਿਆ ਜਾਵੇ।
ਇਸ ਦੀ ਬਜਾਏ ਆਪਣੀ ਸੁਰੱਖਿਆ ਨੂੰ ਪਹਿਲ ਦਿਓ ਅਤੇ ਲੋੜ ਪੈਣ ‘ਤੇ ਉਸ ਥਾਂ ਤੋਂ ਦੂਰ ਚਲੇ ਜਾਓ।
ਪੁਲਿਸ ਵੱਲੋਂ ਜ਼ਰੂਰੀ ਸੁਰੱਖਿਆ ਹਦਾਇਤਾਂ

  1. ਸ਼ਾਂਤ ਰਹੋ ਅਤੇ ਆਪਣੇ ਆਲੇ-ਦੁਆਲੇ ਦੀਆਂ ਗਤੀਵਿਧੀਆਂ ਪ੍ਰਤੀ ਸੁਚੇਤ ਰਹੋ।
  2. ਕਿਸੇ ਨਾਲ ਟਕਰਾਅ ਕਰਨ ਜਾਂ ਭੜਕਾਊ ਟਿੱਪਣੀਆਂ ਅਤੇ ਵਿਵਹਾਰ ਦਾ ਜਵਾਬ ਦੇਣ ਤੋਂ ਬਚੋ।
  3. ਜਿੱਥੇ ਸੰਭਵ ਹੋਵੇ, ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਜਾਂ ਭਰੋਸੇਯੋਗ ਸਾਥੀਆਂ ਨਾਲ ਰਹੋ।
  4. ਕਿਸੇ ਵੀ ਅਪਰਾਧਿਕ ਗਤੀਵਿਧੀ, ਧਮਕੀ, ਹਿੰਸਾ ਜਾਂ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ 111 ‘ਤੇ ਫ਼ੋਨ ਕਰੋ।
  5. ਗੈਰ-ਐਮਰਜੈਂਸੀ ਸ਼ਿਕਾਇਤਾਂ ਜਾਂ ਜਾਣਕਾਰੀ ਦੇਣ ਲਈ ਪੁਲਿਸ ਨਾਲ 105 ਨੰਬਰ ਜਾਂ ਆਨਲਾਈਨ ਸੰਪਰਕ ਕਰੋ।
  6. ਜੇਕਰ ਤੁਸੀਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹੋ, ਤਾਂ ਤੁਰੰਤ ਉਸ ਇਲਾਕੇ ਤੋਂ ਦੂਰ ਹੋ ਜਾਓ ਅਤੇ ਪੁਲਿਸ ਜਾਂ ਸਮਾਗਮ ਦੇ ਸਟਾਫ਼ ਤੋਂ ਮਦਦ ਲਵੋ।
    ਹਰ ਭਾਈਚਾਰੇ ਦੀ ਸੁਰੱਖਿਆ ਲਈ ਪੁਲਿਸ ਵਚਨਬੱਧ
    ਨਿਊਜ਼ੀਲੈਂਡ ਪੁਲਿਸ ਹਰ ਵਿਅਕਤੀ ਦੇ ਕਾਨੂੰਨੀ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕਰਨ ਦੇ ਅਧਿਕਾਰ ਦਾ ਸਮਰਥਨ ਕਰਦੀ ਹੈ।
    ਇਸ ਦੇ ਨਾਲ ਹੀ ਪੁਲਿਸ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਾਰੇ ਭਾਈਚਾਰਿਆਂ ਦੇ ਲੋਕ ਬਿਨਾਂ ਕਿਸੇ ਡਰ ਦੇ ਆਪਣੀ ਰੋਜ਼ਾਨਾ ਜ਼ਿੰਦਗੀ ਬਤੀਤ ਕਰ ਸਕਣ।
    ਪੁਲਿਸ ਦਾ ਉਦੇਸ਼ ਹਰ ਵਿਅਕਤੀ ਲਈ ਸੁਰੱਖਿਅਤ ਮਾਹੌਲ ਬਣਾਈ ਰੱਖਣਾ ਹੈ, ਭਾਵੇਂ ਉਸ ਦਾ ਪਿਛੋਕੜ, ਧਾਰਮਿਕ ਵਿਸ਼ਵਾਸ ਜਾਂ ਵਿਰੋਧ ਪ੍ਰਦਰਸ਼ਨ ਕਰਨ ਦਾ ਕਾਰਨ ਕੁਝ ਵੀ ਹੋਵੇ।
    ਪੁਲਿਸ ਵੱਲੋਂ ਸਮੂਹ ਭਾਈਚਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇੱਕ-ਦੂਜੇ ਦਾ ਧਿਆਨ ਰੱਖਣ, ਸੁਚੇਤ ਰਹਿਣ ਅਤੇ ਕਿਸੇ ਵੀ ਚਿੰਤਾ ਦੀ ਸਥਿਤੀ ਵਿੱਚ ਪੁਲਿਸ ਨਾਲ ਸੰਪਰਕ ਕਰਨ।
    ਜਾਰੀ ਕਰਤਾ: ਨਿਊਜ਼ੀਲੈਂਡ ਪੁਲਿਸ ਮੀਡੀਆ ਸੈਂਟਰ