ਸਾਰੇ ਪੀੜਤਾਂ ਨੂੰ ਆਈਸੋਲੇਸ਼ਨ ਕੇਂਦਰ ਵਿੱਚ ਭੇਜ ਦਿੱਤਾ ਹੈ ਤੇ ਬਾਕੀਆਂ ਨੂੰ ਘਰ ਭੇਜ ਕੇ ਸਕੂਲ ਨੂੰ ਸੀਲ ਕਰ ਦਿੱਤਾ ਗਿਆ ਹੈ। ਕੋਵਿਡ ਗਾਈਡਲਾਈਨਜ਼ ਨੂੰ ਤੋੜਨ ਲਈ ਸਕੂਲ ਦੇ ਡਾਇਰੈਕਟਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
Daily Khabar News
ਚੰਡੀਗੜ੍ਹ: ਪੰਜਾਬ ਦੇ ਇੱਕ ਪ੍ਰਾਈਵੇਟ ਸਕੂਲ ਵਿੱਚੋਂ 42 ਬੱਚੇ ਤੇ ਤਿੰਨ ਸਟਾਫ ਮੈਂਬਰ ਕੋਰੋਨਾ ਪੌਜ਼ੇਟਿਵ ਮਿਲੇ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਕੋਰੋਨਾ ਕਾਰਨ ਸਾਰੇ ਸਕੂਲ ਬੰਦ ਕਰ ਦਿੱਤੇ ਹਨ, ਪਰ ਸੂਬੇ ਦੀ ਰਾਜਧਾਨੀ ਤੋਂ ਮਹਿਜ਼ 25 ਕਿਲੋਮੀਟਰ ਦੂਰ ਬਨੂੜ ਨੇੜੇ ਪਿੰਡ ਤੰਗੋਰੀ ਵਿੱਚ ਬੋਰਡਿੰਗ ਸਕੂਲ ਨਿਯਮਾਂ ਨੂੰ ਛਿੱਕੇ ਟੰਗ ਕੇ ਚਲ ਰਿਹਾ ਸੀ।
ਇਸ ਦਾ ਪਤਾ ਲੱਗਦਿਆਂ ਹੀ ਪ੍ਰਸ਼ਾਸਨ ਨੇ ਸੰਸਥਾ ਵਿੱਚ ਛਾਪਾ ਮਾਰਿਆ। ਇਸ ਮੌਕੇ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਤੇ ਸਟਾਫ਼ ਦੇ ਕੋਰੋਨਾ ਟੈਸਟ ਕੀਤੇ ਗਏ। ਇਸ ਸਮੇਂ ਦੌਰਾਨ 42 ਬੱਚੇ ਤੇ ਤਿੰਨ ਸਟਾਫ ਮੈਂਬਰ ਕੋਰੋਨਾ ਪੌਜ਼ੇਟਿਵ ਮਿਲੇ ਹਨ।
ਸਾਰੇ ਪੀੜਤਾਂ ਨੂੰ ਆਈਸੋਲੇਸ਼ਨ ਕੇਂਦਰ ਵਿੱਚ ਭੇਜ ਦਿੱਤਾ ਹੈ ਤੇ ਬਾਕੀਆਂ ਨੂੰ ਘਰ ਭੇਜ ਕੇ ਸਕੂਲ ਨੂੰ ਸੀਲ ਕਰ ਦਿੱਤਾ ਗਿਆ ਹੈ। ਕੋਵਿਡ ਗਾਈਡਲਾਈਨਜ਼ ਨੂੰ ਤੋੜਨ ਲਈ ਸਕੂਲ ਦੇ ਡਾਇਰੈਕਟਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਡੀਸੀ ਗਿਰੀਸ਼ ਦਿਆਲਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਹਾਸਲ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਮਿਲੀ ਸੀ ਕਿ ਤੰਗੋਰੀ ਨੇੜੇ ਸਥਿਤ ਬੋਰਡਿੰਗ ਸਕੂਲ ਕੈਰੀਅਰ ਪੁਆਇੰਟ ਗੁਰੂਕੁਲ ਨਿਯਮਾਂ ਦੀ ਅਣਗਹਿਲੀ ਕਰ ਰਿਹਾ ਹੈ। ਇੱਥੇ 7 ਤੋਂ 12 ਸਾਲ ਦੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਸੀ। ਜਿਵੇਂ ਹੀ ਇਸ ਮਾਮਲੇ ਬਾਰੇ ਜਾਣਕਾਰੀ ਮਿਲੀ ਤਾਂ ਪ੍ਰਸ਼ਾਸਨ ਦੀ ਵੱਲੋਂ ਸਿਹਤ, ਪੁਲਿਸ ਤੇ ਪ੍ਰਸ਼ਾਸਨ ਦੀ ਜਾਂਚ ਟੀਮ ਬਣਾਈ ਗਈ।ਟੀਮ ਪੂਰੀ ਤਿਆਰੀ ਨਾਲ ਸਕੂਲ ਪਹੁੰਚੀ। ਉਨ੍ਹਾਂ ਵੇਖਿਆ ਸਕੂਲ ਖੁੱਲ੍ਹਾ ਸੀ। ਇਸ ਤੋਂ ਬਾਅਦ ਸਾਰੇ ਬੱਚਿਆਂ ਤੇ ਅਧਿਆਪਕਾਂ ਦੇ ਕੋਰੋਨਾ ਟੈਸਟ ਕਰਵਾਏ ਗਏ। ਇਹ ਸਾਰੀ ਮੁਹਿੰਮ ਲਗਪਗ ਸੱਤ ਘੰਟਿਆਂ ਵਿੱਚ ਪੂਰੀ ਹੋ ਗਈ ਸੀ।
ਇਸ ਦੌਰਾਨ ਹੋਸਟਲਾਂ ਵਿੱਚ ਰਹਿੰਦੇ 197 ਵਿਦਿਆਰਥੀਆਂ ਤੇ 20 ਅਧਿਆਪਕਾਂ ਦੇ ਟੈਸਟ ਕੀਤੇ। ਲਾਗ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਈਸੋਲੇਸ਼ਨ ਕੇਂਦਰ ਭੇਜ ਦਿੱਤਾ ਹੈ। ਇਸ ਨਾਲ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਜਾਣੂ ਕਰ ਦਿੱਤਾ ਗਿਆ।
ਪਤਾ ਲੱਗਿਆ ਹੈ ਕਿ ਇਹ ਸੰਸਥਾ ਦੇਸ਼ ਦੀ ਸਭ ਤੋਂ ਪ੍ਰਸਿੱਧ ਸੰਸਥਾ ਹੈ। ਇਸ ਸਮੇਂ ਮੁਹਾਲੀ ਦਾ ਇੱਕ ਵੀ ਵਿਦਿਆਰਥੀ ਇੱਥੇ ਪੜ੍ਹਾਈ ਨਹੀਂ ਕਰ ਰਿਹਾ ਸੀ। ਸੰਸਥਾ ਵਿੱਚ ਦੁਬਈ, ਹਰਿਆਣਾ, ਗੁਜਰਾਤ ਤੇ ਹੋਰ ਵਿਦਿਆਰਥੀ ਪੜ੍ਹ ਰਹੇ ਸਨ। ਇਨ੍ਹਾਂ ਵਿਦਿਆਰਥੀਆਂ ਵਿੱਚ 11 ਲੜਕੀਆਂ ਵੀ ਸਨ।