2 ਜੂਨ ਨੂੰ ਸਿੱਖ ਕੌਮ ਦੇ ਛੇਵੇਂ ਗੁਰੂ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਿਆਈ ਦਿਵਸ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਉਹ ਮਹਾਨ ਸ਼ਖ਼ਸੀਅਤ ਹਨ ਜਿਨ੍ਹਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ’ਚ ਨਵੀਂ ਰੂਹ ਫੂਕੀ ਤੇ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ। ਐਸੇ ਮਹਾਨ ਸਤਿਗੁਰੂ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 1595 ਈ. ਨੂੰ ਅੰਮ੍ਰਿਤਸਰ ਦੇ ਵਡਾਲੀ ’ਚ ਪਿਤਾ ਗੁਰੂ ਅਰਜਨ ਦੇਵ ਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹੋਇਆ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ ਹੋਇਆ ਤਾਂ ਜਿੱਥੇ ਸੰਗਤ ਵਿੱਚ ਖੁਸ਼ੀ ਦੀ ਲਹਿਰ ਸੀ ਉੱਥੇ ਹੀ ਪ੍ਰਿਥੀ ਚੰਦ ਨੂੰ ਸਾੜਾ ਪੈ ਗਿਆ।
ਪ੍ਰਿਥੀ ਚੰਦ ਨੇ ਗੁਰੂ ਜੀ ਨੂੰ ਬਚਪਨ ’ਚ ਹੀ ਮਰਵਾਉਣ ਲਈ ਕਈ ਅਸਫ਼ਲ ਕੋਸ਼ਿਸ਼ਾਂ ਕੀਤੀਆਂ। ਪ੍ਰਿਥੀ ਚੰਦ ਨੇ ਦਾਈ ਰਾਹੀਂ ਜ਼ਹਿਰੀਲਾ ਦੁੱਧ ਪਿਆ ਕੇ, ਕੋਲ ਜ਼ਹਿਰੀਲਾ ਸੱਪ ਛੱਡ ਕੇ, ਦਹੀਂ ’ਚ ਜ਼ਹਿਰ ਰਲਾ ਕੇ ਖਿਵਾਉਂਣ ਵਰਗੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਆਪਣੇ ਭੈੜੇ ਮਨਸੂਬਿਆਂ ’ਚ ਕਾਮਯਾਬ ਨਾ ਹੋ ਸਕਿਆ। ਗੁਰੂ ਅਰਜਨ ਦੇਵ ਨੇ ਜੀ ਇਸ ਘਟਨਾ ਦਾ ਜ਼ਿਕਰ ਆਪਣੀ ਬਾਣੀ ’ਚ ਵੀ ਕੀਤਾ ਹੈ।
ਲੇਪ ਨ ਲਾਗੋ ਤਿਲ ਕਾ ਮੂਲਿ ।। ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ ।। ਹਰਿ ਜਨ ਰਾਖੇ ਪਾਰਬ੍ਰਹਮਿ ਆਪਿ ।। ਪਾਪੀ ਮੂਆ ਗੁਰ ਪਰਤਾਪਿ ।।
ਗੁਰੂ ਹਰਿਗੋਬਿੰਦ ਜੀ ਬਚਪਨ ’ਚ ਹੀ ਸਨ ਕਿ ਆਪ ’ਤੇ ਚੇਚਕ ਦੀ ਬਿਮਾਰੀ ਦਾ ਸਖ਼ਤ ਹੱਲਾ ਹੋਇਆ। ਮਾਤਾ ਗੰਗਾ ਜੀ ਚਿੰਤਾ ’ਚ ਸਨ। ਆਂਢ ਗੁਆਂਢ ਨੇ ਸੀਤਲਾ ਦੀ ਪੂਜਾ ਕਰਨ ਦੀਆਂ ਸਲਾਹਾਂ ਦਿੱਤੀਆਂ। ਪਰ ਇਸ ਦੁੱਖ ਦੀ ਘੜੀ ’ਚ ਗੁਰੂ ਅਰਜਨ ਦੇਵ ਜੀ ਨੇ ਰੱਬ ਦੇ ਭਾਣੇ ’ਚ ਰਹਿਣ ਦੀ ਸਲਾਹ ਦਿੱਤੀ। ਇਸ ਭਿਆਨਕ ਬੀਮਾਰੀ ਤੋਂ ਬਚਾਅ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਨੇ ਬਾਣੀ ਵਿੱਚ ਇਸ ਤਰ੍ਹਾਂ ਕੀਤਾ ਹੈ।
ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ।। ਭਰਮ ਗਏ ਪੂਰਨ ਭਈ ਸੇਵ ।। ਸੀਤਲਾ ਤੇ ਰੱਖਿਆ ਬਿਹਾਰੀ ।। ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ।।
ਗੁਰੂ ਹਰਿਗੋਬਿੰਦ ਜੀ ਨੂੰ ਅੱਖਰੀ ਤੇ ਸ਼ਸਤਰ ਵਿੱਦਿਆ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਦਿੱਤੀ। ਸ਼ਸਤਰ ਵਿੱਦਿਆ ’ਚ ਰੁੱਚੀ ਤੇ ਨਿਪੁੰਨਤਾ ਵੇਖ ਕੇ ਬਾਬਾ ਬੁੱਢਾ ਜੀ ਆਪ ਨੂੰ ਮਹਾਬਲੀ ਯੋਧਾ ਆਖਦਿਆਂ ਕਹਿ ਦਿੰਦੇ ਸਨ ਇਹ ਬਾਲਕ ਵੱਡਾ ਹੋ ਕੇ ਜ਼ੁਲਮ ਦਾ ਸਿਰ ਭੰਨੇਗਾ। ਆਪ ਜੀ ਦੇ ਵਿਆਹ ਤੋਂ ਬਾਅਦ ਆਪਦੇ ਘਰ ਪੰਜ ਸਪੁੱਤਰਾਂ ਬਾਬਾ ਗੁਰਦਿੱਤਾ ਜੀ,ਬਾਬਾ ਸੂਰਜ ਮੱਲ਼, ਬਾਬਾ ਅਣੀ ਰਾਇ, ਬਾਬਾ ਅਟੱਲ ਰਾਇ, ਗੁਰੂ ਤੇਗ ਬਹਾਦਰ ਸਾਹਿਬ ਤੇ ਇੱਕ ਸਪੁੱਤਰੀ ਬੀਬੀ ਵੀਰੋ ਦਾ ਜਨਮ ਹੋਇਆ।
ਗੁਰੂ ਹਰਿਗੋਬਿੰਦ ਸਾਹਿਬ ਦੀ ਉਮਰ ਮਹਿਜ਼ 11 ਸਾਲ ਸੀ ਜਦੋਂ ਬਾਦਸ਼ਾਹ ਜਹਾਂਗੀਰ ਦੇ ਹੁਕਮ ’ਤੇ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ’ਚ ਸਖ਼ਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ । ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਗੁਰੂ ਦੇ ਰੂਪ ’ਚ ਹਰਿਗੋਬਿੰਦ ਸਾਹਿਬ ਗੁਰਗੱਦੀ ’ਤੇ ਬਿਰਾਜਮਾਨ ਹੋਏ ਤੇ ਕੌਮ ਦੀ ਚੜ੍ਹਦੀਕਲਾ ਲਈ ਵਡਮੁੱਲੇ ਕਾਰਜ ਕੀਤੇ। ਮੀਰੀ ਪੀਰੀ ਦੀਆਂ ਕ੍ਰਿਪਾਨਾਂ ਧਾਰਨ ਕਰਨੀਆਂ, ਫੌਜਾਂ ਦੀ ਤਿਆਰੀ ਤੇ ਅਕਾਲ ਤਖ਼ਤ ਦੀ ਸਿਰਜਨਾ ਕਰਕੇ ਉੱਥੋਂ ਲੋਕ ਹਿੱਤ ’ਚ ਫ਼ੈਸਲੇ ਕਰਨੇ ਕ੍ਰਾਂਤੀਕਾਰੀ ਬਦਲਾਅ ਸੀ। ਅਕਾਲ ਤਖ਼ਤ ’ਤੇ ਦੀਵਾਨ ਸਜਦੇ, ਗੁਰਬਾਣੀ ਦਾ ਪ੍ਰਵਾਹ ਚੱਲਦਾ, ਢਾਢੀ ਅਬਦੁੱਲਾ ਤੇ ਨੱਥਾ ਬੀਰ ਰਸੀ ਵਾਰਾਂ ਗਾਉਂਦੇ, ਗੁਰੂ ਸਾਹਿਬ ਨੌਜਵਾਨਾਂ ਨੂੰ ਕਸਰਤ, ਕੁਸ਼ਤੀ, ਘੋੜ ਸਵਾਰੀ ਕਰਾਉਂਦੇ ਤੇ ਸ਼ਸਤਰ ਵਿੱਦਿਆ ’ਚ ਨਿਪੁੰਨਤਾ ਲਈ ਯੋਗ ਅਗਵਾਈ ਕਰਦੇ। ਇਸ ਸਾਰੇ ਦ੍ਰਿਸ਼ ਨੂੰ ਗੁਰੂ ਸਾਹਿਬ ਦੇ
ਦੋ ਤਲਵਾਰਾਂ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ। ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ ।।
ਸਮੇਂ ਦੇ ਬਾਦਸ਼ਾਹ ਜਹਾਂਗੀਰ ਤੋਂ ਗੁਰੂ ਸਾਹਿਬ ਦੀਆਂ ਗਤੀਵਿਧੀਆਂ ਸਹਾਰੀਆਂ ਨਾ ਗਈਆਂ । ਉਸਨੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰਵਾ ਦਿੱਤਾ। ਆਖਰਕਾਰ ਗੁਰੂ ਸਾਹਿਬ ਨੂੰ 52 ਰਾਜਸੀ ਕੈਦੀਆਂ ਸਮੇਤ ਰਿਹਾਅ ਕਰਨਾ ਪਿਆ। ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਨੇ ਜੁਲਮ ਖ਼ਿਲਾਫ਼ ਮੁੱਖ ਚਾਰ ਜੰਗਾਂ ਲੜੀਆਂ ਤੇ ਜਿੱਤ ਹਾਸਲ ਕੀਤੀ । ਇਹ ਸਾਰੀਆਂ ਜੰਗਾਂ ਸਵੈ ਰੱਖਿਆ ਲਈ ਤੇ ਜੁਲਮ ਨੂੰ ਠੱਲ ਪਾਉਣ ਲਈ ਸਨ। ਗੁਰੂ ਹਰਿਗੋਬਿੰਦ ਸਾਹਿਬ ਜੰਗ ’ਚ ਇਵੇਂ ਲੜਦੇ ਸਨ ਜਿਵੇਂ ਕਿਸੇ ਨੂੰ ਸ਼ਸਤਰ ਵਿੱਦਿਆ ਸਿਖਾ ਰਹੇ ਹੋਣ। ਮੈਦਾਨੇ ਜੰਗ ’ਚ ਪੈਦੇ ਖਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਆਇਆ ਤਾਂ ਉਸ ਨੇ ਗੁਰੂ ਜੀ ਉੱਤੇ ਕਈ ਵਾਰ ਕੀਤੇ ਪਰ ਕੁਝ ਨਾ ਵਿਗਾੜ ਸਕਿਆ। ਜਦੋਂ ਗੁਰੂ ਸਾਹਿਬ ਜੀ ਦੇ ਇਕੋ ਵਾਰ ਨਾਲ ਜ਼ਖ਼ਮੀ ਹੋ ਕੇ ਘੋੜੇ ’ਤੋਂ ਡਿੱਗਿਆ ਤਾਂ ਗੁਰੂ ਸਾਹਿਬ ਨੇ ਉਸ ਨੂੰ ਰੱਬ ਨੂੰ ਯਾਦ ਕਰਨ ਲਈ ਆਖਿਆ ਤੇ ਉਸ ’ਤੇ ਢਾਲ ਨਾਲ ਛਾਂ ਵੀ ਕੀਤੀ। ਅਖ਼ੀਰ ’ਚ ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਨੂੰ ਪੱਕਾ ਟਿਕਾਣਾ ਬਣਾ ਲਿਆ ਤੇ ਧਰਮ ਪ੍ਰਚਾਰ ’ਤੇ ਜ਼ੋਰ ਦਿੱਤਾ। ਗੁਰੂ ਹਰਿਗੋਬਿੰਦ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਪੰਜਾਬ ਤੇ ਉਸ ਤੋਂ ਬਾਹਰ ਕਈ ਯਾਤਰਾਵਾਂ ਕੀਤੀਆਂ। ਆਖਰ ’ਚ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆਇਆ ਵੇਖ ਕੇ ਸ੍ਰੀ ਹਰਿ ਰਾਇ ਜੀ ਨੂੰ ਸਿੱਖਾਂ ਦੇ ਸੱਤਵੇਂ ਗੁਰੂ ਥਾਪਿਆ ਤੇ ਆਪ ਜੋਤੀ ਜੋਤ ਸਮਾ ਗਏ ।