ਪੀਜੀਆਈ ‘ਚ ਦਾਖਲ ਫਲਾਇੰਗ ਸਿੱਖ ਪਦਮਸ੍ਰੀ ਮਿਲਖਾ ਸਿੰਘ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਸ਼ਨਿਚਰਵਾਰ ਨੂੰ ਅਚਾਨਕ ਉਨ੍ਹਾਂ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਪਰ ਪੀਜੀਆਈ ਦੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦਾ ਆਕਸੀਜਨ ਲੈਵਲ ਵੀ ਹੁਣ ਸਥਿਰ ਹੈ, ਹਾਲਾਂਕਿ ਅਜੇ ਉਹ ਆਈਸੀਯੂ ਵਾਰਡ ‘ਚ ਦਾਖ਼ਲ ਹਨ।
ਦੱਸ ਦੇਈਏ ਕਿ ਕੋਰੋਨਾ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਮਿਲਖਾ ਸਿੰਘ ਨੂੰ 31 ਮਈ ਫੋਰਟਿਸ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਇਸ ਤੋਂ ਬਾਅਦ ਉਹ ਸੈਕਟਰ-8 ਸਥਿਤ ਆਪਣੇ ਘਰ ‘ਚ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਆਰਾਮ ਕਰ ਰਹੇ ਸਨ। ਤਿੰਨ ਜੂਨ ਨੂੰ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਤੇ ਆਕਸੀਜਨ ਲੈਵਲ ਡਿੱਗਣ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਦੇ ਕੋਵਿਡ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਤਿੰਨ ਸੀਨੀਅਰ ਡਾਕਟਰਾਂ ਦੀਆਂ ਟੀਮ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਬਣਾਏ ਹੋਏ ਹਨ।
ਇਸ ਸਬੰਧੀ ਪੀਜੀਆਈ ਬੁਲਾਰੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਮਿਲਖਾ ਸਿੰਘ ਦਾ ਆਕਸੀਜਨ ਲੈਵਲ ਪਹਿਲਾਂ ਤੋਂ ਠੀਕ ਹੈ, ਉਹ ਤੇਜ਼ੀ ਨਾਲ ਰਿਕਵਰ ਕਰ ਰਿਹਾ ਹੈ। ਕਮਜ਼ੋਰੀ ਨਾਲ ਰਿਕਵਰੀ ‘ਚ ਸਮਾਂ ਲੱਗ ਸਕਦਾ ਹੈ। ਦੱਸ ਦੇਈਏ ਕਿ 17 ਮਈ ਨੂੰ ਮਿਲਖਾ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਸਾਬਕਾ ਵਾਲੀਵਾਲ ਖਿਡਾਰੀ ਤੇ ਪਦਮਸ੍ਰੀ ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਦੀ ਹਾਲਤ ਅਜੇ ਵੀ ਸਥਿਰ ਬਣੀ ਹੋਈ ਹੈ। ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਹਨ। 6 ਦਿਨ ਪਹਿਲਾਂ ਉਨ੍ਹਾਂ ਦੀ ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਨਾਰਮਲ ਵਾਰਡ ਤੋਂ ਆਈਸੀਯੂ ‘ਚ ਸ਼ਿਫਟ ਕੀਤਾ ਗਿਆ ਸੀ, ਡਾਕਟਰਾਂ ਦੀਆਂ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਦੀ ਮੈਡੀਕਲ ਆਕਸੀਜਨ ਦੀ ਲੋੜ ਲਗਾਤਾਰ ਵਧਦੀ ਜਾ ਰਹੀ ਸੀ। ਡਾਕਟਰਾਂ ਨੇ ਕਿਹਾ ਕਿ ਸੀਨੀਅਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ‘ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ।