ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀ ਕੈਪਟਨ ਸਰਕਾਰ ਖ਼ਿਲਾਫ਼ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਧਰਨਾ ਲਾਇਆ ਜਾ ਰਿਹਾ ਸੀ । ਅਕਾਲੀ ਦਲ-ਬਸਪਾ ਗਠਜੋੜ ਹੋਣ ਕਾਰਨ ਦੋਵੇਂ ਪਾਰਟੀਆਂ ਵੱਲੋਂ ਸਾਂਝੇ ਤੌਰ ”ਤੇ ਇਕੱਠੇ ਹੋ ਕੇ ਕੈਪਟਨ ਸਰਕਾਰ ਨੂੰ ਘੇਰਿਆ ਗਿਆ। ਜਿਵੇ ਹੀ ਅਕਾਲੀ-ਬਸਪਾ ਕਾਰਕੁੰਨ ਘਰ ਦੇ ਨੇੜੇ ਪੁੱਜੇ ਤਾਂ ਪੁਲਸ ਵੱਲੋਂ ਉਨ੍ਹਾਂ ਨੂੰ ਰਸਤੇ ਵਿਚ ਹੀ ਰੋਕ ਦਿੱਤਾ ਗਿਆ । ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਐੱਨ. ਕੇ. ਸ਼ਰਮਾ ਤੋਂ ਇਲਾਵਾ ਹੋਰ ਕਈ ਆਗੂ ਮੌਜੂਦ ਸਨ, ਜਿਨ੍ਹਾਂ ਨੂੰ ਚੰਡੀਗੜ੍ਹ ਪੁਲਸ ਵੱਲੋਂ ਹਿਰਾਸਤ ‘ਚ ਲੈ ਲਿਆ ਗਿਆ।ਤੇ ਬਾਅਦ ਵਿਚ ਸੁਖਬੀਰ ਸਿੰਘ ਬਾਦਲ ਨੂੰ ਪੁਲਸ ਕੁਰਾਲੀ ਸਦਰ ਥਾਣੇ ਲੈ ਕੇ ਆਈ। ਇਸ ਮੌਕੇ ਕਈ ਪੁਲਸ ਦੇ ਉੱਚ ਅਫਸਰ ਵੀ ਮੌਜੂਦ ਸਨ। ਤੇ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ 3 ਵਜੇ ਦੇ ਕਰੀਬ ਸੁਖਬੀਰ ਬਾਦਲ ਨੂੰ ਰਿਹਾਅ ਵੀ ਕਰ ਦਿੱਤਾ ਗਿਆ।
ਅਕਾਲੀ-ਬਸਪਾ ਆਗੂਆਂ ਨੇ ਕਿਹਾ ਕਿ ਘਪਲਿਆਂ ਅਧੀਨਪੰਜਾਬ ਨੂੰ ਲੁੱਟਣ ਵਾਲੀ ਕੈਪਟਨ ਸਰਕਾਰ ਲਗਾਤਾਰ ਪੰਜਾਬੀਆਂ ਨੂੰ ਨਮੋਸ਼ੀ ਦੇ ਆਲਮ ‘ਚ ਧੱਕ ਰਹੀ ਹੈ, ਜੋ ਅਕਾਲੀ ਦਲ-ਬਸਪਾ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਬੇਸ਼ੱਕ ਜੋ ਮਰਜ਼ੀ ਕਰ ਲਵੇ ਪਰ ਅਕਾਲੀ ਦਲ-ਬਸਪਾ ਕੈਪਟਨ ਸਰਕਾਰ ਦੀਆਂ ਵਧੀਕੀਆਂ ਤੋਂ ਡਰਨ ਵਾਲਾ ਨਹੀਂ ਹੈ।