ਜਾਪਾਨ ਸਰਕਾਰ ਨੇ Tokyo Olympic ਲਈ ਜਾਣ ਵਾਲੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਰਵਾਨਗੀ ਤੋਂ ਇਕ ਹਫ਼ਤੇ ਪਹਿਲਾਂ ਹਰ ਰੋਜ਼ ਕੋਵਿਡ-19 ਜਾਂਚ ਕਰਵਾਉਣ ਤੇ ਪੁੱਜਣ ਤੋਂ ਬਾਅਦ ਤਿੰਨ ਦਿਨ ਤਕ ਕਿਸੇ ਹੋਰ ਦੇਸ਼ ਦੇ ਕਿਸੇ ਵੀ ਵਿਅਕਤੀ ਨਾਲ ਮੇਲਜੋਲ ਨਾ ਕਰਨ ਲਈ ਕਿਹਾ ਹੈ ਜਿਸ ਨਾਲ ਭਾਰਤੀ ਓਲੰਪਿਕ ਸੰਘ (ਆਈਓਏ) ਕਾਫੀ ਨਾਰਾਜ਼ ਹੈ। ਇਹ ਸਖ਼ਤ ਨਿਯਮ ਉਨ੍ਹਾਂ 11 ਦੇਸ਼ਾਂ ਦੇ ਸਾਰੇ ਯਾਤਰੀਆਂ (ਖਿਡਾਰੀ, ਕੋਚ ਤੇ ਸਹਿਯੋਗੀ ਸਟਾਫ ਸ਼ਾਮਲ) ਲਈ ਲਾਏ ਗਏ ਹਨ ਜਿੱਥੇ ਕੋਵਿਡ-19 ਦੇ ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇਸ਼ਾਂ ਵਿਚ ਭਾਰਤ ਵੀ ਸ਼ਾਮਲ ਹੈ। ਆਈਓਏ ਨੇ ਇਸ ਦੀ ਕਾਫੀ ਸਖ਼ਤ ਨਿੰਦਾ ਕੀਤੀ ਤੇ ਉਨ੍ਹਾਂ ਨੂੰ ਗ਼ੈਰਵਾਜਬ ਤੇ ਪੱਖਪਾਤੀ ਦੱਸਿਆ। ਭਾਰਤ ਵਿਚ ਦੂਜੀ ਲਹਿਰ ਤੋਂ ਬਾਅਦ ਕੋਵਿਡ-19 ਹਾਲਾਤ ਕਾਫੀ ਸੁਧਰ ਚੁੱਕੇ ਹਨ ਤੇ ਰੋਜ਼ ਇਨਫੈਕਸ਼ਨ ਦੇ ਮਾਮਲੇ ਘੱਟ ਹੁੰਦੇ ਜਾ ਰਹੇ ਹਨ। ਭਾਰਤ ਨੂੰ ਗਰੁੱਪ-ਇਕ ਵਿਚ ਅਫ਼ਗਾਨਿਸਤਾਨ, ਮਾਲਦੀਵ, ਨੇਪਾਲ, ਪਾਕਿਸਤਾਨ ਤੇ ਸ੍ਰੀਲੰਕਾ ਨਾਲ ਰੱਖਿਆ ਗਿਆ ਹੈ ਤੇ ਇਨ੍ਹਾਂ ਦੇਸ਼ਾਂ ‘ਤੇ ਜਾਪਾਨ ਸਰਕਾਰ ਨੇ ਸਖ਼ਤ ਨਿਯਮ ਲਾਏ ਹਨ। ਆਈਓਏ ਦੇ ਪ੍ਰਧਾਨ ਨਰਿੰਦਰ ਬੱਤਰਾ ਤੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਸੰਯੁਕਤ ਬਿਆਨ ਵਿਚ ਨਵੇਂ ਨਿਯਮਾਂ ‘ਤੇ ਸਵਾਲ ਉਠਾਏ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਖੇਡ ਪਿੰਡ ਵਿਚ ਆਪਣੇ ਮੁਕਾਬਲੇ ਤੋਂ ਸਿਰਫ਼ ਪੰਜ ਦਿਨ ਪਹਿਲਾਂ ਹੀ ਪ੍ਰਵੇਸ਼ ਦਿੱਤਾ ਜਾਵੇਗਾ। ਹੁਣ ਤਿੰਨ ਦਿਨ ਦਾ ਸਮਾਂ ਖ਼ਰਾਬ ਹੋਵੇਗਾ। ਇਹ ਅਜਿਹਾ ਸਮਾਂ ਹੁੰਦਾ ਹੈ ਜਿਸ ਵਿਚ ਖਿਡਾਰੀਆਂ ਨੂੰ ਆਪਣੀ ਲੈਅ ਦੇ ਸਿਖਰ ‘ਤੇ ਪੁੱਜਣ ਦੀ ਲੋੜ ਹੁੰਦੀ ਹੈ। ਭਾਰਤੀ ਖਿਡਾਰੀਆਂ ਲਈ ਇਹ ਗ਼ੈਰਵਾਜਬ ਹੈ। ਇਨ੍ਹਾਂ ਤਿੰਨ ਦਿਨਾਂ ਵਿਚ ਖਿਡਾਰੀ ਆਪਣਾ ਨਾਸ਼ਤਾ, ਲੰਚ ਤੇ ਡਿਨਰ ਵਗੈਰਾ ਕਦ ਤੇ ਕਿੱਥੇ ਕਰਨਗੇ ਕਿਉਂਕਿ ਹਰ ਕੋਈ ਖੇਡ ਪਿੰਡ ਦੇ ਫੂਡ ਹਾਲ ਵਿਚੋਂ ਖਾਣਾ ਲੈਂਦਾ ਹੈ ਜਿੱਥੇ ਸਾਰੇ ਖਿਡਾਰੀ ਤੇ ਹੋਰ ਰਾਸ਼ਟਰੀ ਓਲੰਪਿਕ ਕਮੇਟੀਆਂ (ਐੱਨਓਸੀ) ਦੇ ਅਧਿਕਾਰੀ ਹਮੇਸ਼ਾ ਮੌਜੂਦ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਖਾਣੇ ਦੇ ਪੈਕਟ ਖਿਡਾਰੀਆਂ ਦੇ ਕਮਰੇ ਤੋਂ ਬਾਹਰ ਪਹੁੰਚਾਏ ਜਾਣਗੇ ਤਾਂ ਉਨ੍ਹਾਂ ਦੇ ਸਰੀਰ ਦੀਆਂ ਲੋੜਾਂ ਜਿਵੇਂ ਪ੍ਰਰੋਟੀਨ ਜਾਂ ਖਾਣੇ ਦੀ ਪਸੰਦ ਦੀ ਯੋਜਨਾ ਕੌਣ ਬਣਾਏਗਾ ਤੇ ਕੀ ਇਸ ਨਾਲ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਅਸਰ ਨਹੀਂ ਪਵੇਗਾ ਜਿਨ੍ਹਾਂ ਨੂੰ ਆਪਣੀ ਪਸੰਦ ਦੀ ਡਾਈਟ ਨਹੀਂ ਮਿਲੇਗੀ ਤੇ ਉਹ ਵੀ ਓਲੰਪਿਕ ਤੋਂ ਸਿਰਫ਼ ਪੰਜ ਦਿਨ ਪਹਿਲਾਂ। ਕਈ ਖਿਡਾਰੀ ਜਿਵੇਂ ਵੇਟਲਿਫਟਰ ਮੀਰਾਬਾਈ ਚਾਨੂ, ਭਲਵਾਨ ਵਿਨੇਸ਼ ਫੋਗਾਟ, ਨੇਜ਼ਾ ਸੁੱਟ ਐਥਲੀਟ ਨੀਰਜ ਚੋਪੜਾ ਵਿਦੇਸ਼ਾਂ ਵਿਚ ਟ੍ਰੇਨਿੰਗ ਕਰ ਰਹੇ ਹਨ ਤਾਂ ਉਹ ਉਥੋਂ ਟੋਕੀਓ ਪੁੱਜਣਗੇ। ਹਾਲਾਂਕਿ ਭਾਰਤੀ ਟੀਮ ਦੇ ਜ਼ਿਆਦਾਤਰ ਮੈਂਬਰ ਭਾਰਤ ਤੋਂ ਹੀ ਰਵਾਨਾ ਹੋਣਗੇ ਤੇ ਇਨ੍ਹਾਂ ਨਿਯਮਾਂ ਨਾਲ ਉਨ੍ਹਾਂ ਦੀ ਟ੍ਰੇਨਿੰਗ ਪ੍ਰਭਾਵਿਤ ਹੋਵੇਗੀ।
ਆਈਓਏ ਨੇ ਇਨ੍ਹਾਂ ਨਿਯਮਾਂ ਦੀ ਲੋੜ ‘ਤੇ ਵੀ ਸਵਾਲ ਉਠਾਏ ਕਿ ਭਾਰਤ ਤੋਂ ਜਾਣ ਵਾਲੇ ਸਾਰੇ ਖਿਡਾਰੀਆਂ ਦਾ ਟੀਕਾਕਰਨ ਹੋ ਗਿਆ ਹੈ ਤੇ ਰਵਾਨਗੀ ਤੋਂ ਪਹਿਲਾਂ ਇਕ ਹਫ਼ਤੇ ਤਕ ਰੋਜ਼ ਉਨ੍ਹਾਂ ਦੀ ਜਾਂਚ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਖਿਡਾਰੀ ਕਦ ਤੇ ਕਿੱਥੇ ਅਭਿਆਸ ਕਰਨਗੇ ਕਿਉਂਕਿ ਅਭਿਆਸ ਤੇ ਟ੍ਰੇਨਿੰਗ ਵਾਲੀ ਥਾਂ ਕਦੀ ਵੀ ਖਾਲੀ ਨਹੀਂ ਹੁੰਦੇ ਤੇ ਹੋਰ ਐੱਨਓਸੀ ਦੇ ਖਿਡਾਰੀ ਤੇ ਅਧਿਕਾਰੀ ਹਰ ਸਮੇਂ ਮੌਜੂਦ ਹਨੰਦੇ ਹਨ। ਅਸੀਂ ਕਿਸੇ ਵੀ ਦੇਸ਼ ਦੇ ਖ਼ੁਦ ਦੇ ਦੇਸ਼ ਨੂੰ ਸੁਰੱਖਿਅਤ ਰੱਖਣ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਾਂ, ਖਿਡਾਰੀ ਜੋ ਭਾਰਤ ਤੋਂ ਜਾ ਰਹੇ ਹਨ ਉਨ੍ਹਾਂ ਨੂੰ ਟੀਕੇ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣਗੀਆਂ, ਰਵਾਨਗੀ ਤੋਂ ਪਹਿਲਾਂ ਹਰੇਕ ਦਿਨ ਆਰਟੀਪੀਸੀਆਰ ਜਾਂਚ ਹੋਈ ਹੋਵੇਗੀ ਤਾਂ ਫਿਰ ਖਿਡਾਰੀਆਂ ਨੂੰ ਅਜਿਹੇ ਸਮੇਂ ‘ਤੇ ਕਿਉਂ ਪਰੇਸ਼ਾਨ ਕੀਤਾ ਜਾਵੇ ਜਦ ਉਨ੍ਹਾਂ ਨੂੰ ਆਪਣੇ ਸਿਖਰ ‘ਤੇ ਹੋਣ ਦੀ ਲੋੜ ਹੈ। ਇਹ ਭਾਰਤੀ ਖਿਡਾਰੀਆਂ ਲਈ ਕਾਫੀ ਗ਼ੈਰਵਾਜਬ ਹੈ ਜਿਨ੍ਹਾਂ ਨੇ ਪੰਜ ਸਾਲ ਤਕ ਸਖ਼ਤ ਮਿਹਨਤ ਕੀਤੀ ਤੇ ਉਨ੍ਹਾਂ ਨਾਲ ਓਲੰਪਿਕ ਤੋਂ ਸਿਰਫ਼ ਪੰਜ ਦਿਨ ਪਹਿਲਾਂ ਹੀ ਪੱਖਪਾਤ ਹੋਵੇਗਾ।
ਕੀ ਹੋਣਗੇ ਮੁੱਖ ਨਿਯਮ?
ਯਾਤਰਾ ਕਰਨ ਤੋਂ ਪਹਿਲਾਂ : ਜਾਪਾਨ ਲਈ ਰਵਾਨਗੀ ਤੋਂ ਪਹਿਲਾਂ ਸਾਰਿਆਂ ਨੂੰ ਸੱਤ ਦਿਨ ਤਕ ਹਰੇਕ ਦਿਨ ਜਾਂਚ ਕਰਵਾਉਣੀ ਪਵੇਗੀ।
ਸਰੀਰਕ ਦੂਰੀ : ਜਾਪਾਨ ਲਈ ਰਵਾਨਗੀ ਤੋਂ ਪਹਿਲਾਂ ਸੱਤ ਦਿਨ ਹੋਰ ਲੋਕਾਂ ਨਾਲ ਸਰੀਰਕ ਮੇਲਜੋਲ ਬਿਲਕੁਲ ਘੱਟ ਰੱਖਣਾ ਪਵੇਗਾ ਜਿਸ ਵਿਚ ਕੋਈ ਹੋਰ ਟੀਮ ਜਾਂ ਦੇਸ਼ ਸ਼ਾਮਲ ਹਨ। ਇੱਥੇ ਤਕ ਕਿ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਜਾਪਾਨ ਪੁੱਜਣ ਤੋਂ ਬਾਅਦ ਤਿੰਨ ਦਿਨ ਤਕ ਆਪਣੀ ਟੀਮ ਤੋਂ ਇਲਾਵਾ ਕਿਸੇ ਹੋਰ ਨਾਲ ਮੇਲਜੋਲ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਖੇਡਾਂ ਦੌਰਾਨ ਜਾਂਚ : ਖੇਡਾਂ ਦੌਰਾਨ ਹਰ ਦਿਨ ਜਾਂਚ ਹੋਵੇਗੀ ਜੋ ਸਾਰੇ ਖਿਡਾਰੀਆਂ ਤੇ ਅਧਿਕਾਰੀਆਂ ਲਈ ਹੋਵੇਗੀ।
ਖੇਡ ਪਿੰਡ : ਖਿਡਾਰੀਆਂ ਨੂੰ ਖੇਡ ਪਿੰਡ ਵਿਚ ਵੀ ਆਪਣਾ ਮੁਕਾਬਲਾ ਸ਼ੁਰੂ ਹੋਣ ਤੋਂ ਪੰਜ ਦਿਨ ਪਹਿਲਾਂ ਹੀ ਪ੍ਰਵੇਸ਼ ਦਿੱਤਾ ਜਾਵੇਗਾ