ਕੈਨੇਡਾ ‘ਚ ਗਰਮੀ ਨੇ ਲੋਕਾਂ ਦਾ ਰਹਿਣਾ ਮੁਸ਼ਕਿਲ ਕਰ ਦਿੱਤਾ ਹੈ। ਕੈਨੇਡਾ ਤੇ ਯੁਨਾਈਟਿਡ ਸਟੇਟਸ ਪੈਸੀਫਿਕ ਨਾਰਥ-ਵੈਸਟ ‘ਚ ਰਿਕਾਰਡ ਤੋੜ ਗਰਮੀ ਦੀ ਲਹਿਰ ਨਾਲ ਵੈਨਕੂਵਰ ‘ਚ 140 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ। ਅਜਿਹਾ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦਾ ਮੰਨਣਾ ਹੈ। ਆਰਸੀਐੱਮਪੀ ਨੇ ਦੱਸਿਆ ਕਿ ਬੀਤੇ 24 ਘੰਟਿਆਂ ‘ਚ ਵੈਨਕੂਵਰ ਦੇ ਬਰਨਾਬੀ ਤੇ ਸਰੇ ਸ਼ਹਿਰ ‘ਚ ਮਰਨ ਵਾਲਿਆਂ ‘ਚ ਜ਼ਿਆਦਾਤਰ ਬਜ਼ੁਰਗ ਜਾਂ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕ ਸ਼ਾਮਲ ਸਨ। ਆਰਸੀਐੱਮਪੀ ਦੇ ਕਾਰਪੋਰੇਲ ਮਾਈਕਲ ਕਲਾਂਜ ਨੇ ਬਿਆਨ ‘ਚ ਕਿਹਾ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ, ਪਰ ਜ਼ਿਆਦਾਤਰ ਮੌਤਾਂ ‘ਚ ਗਰਮੀ ਦੀ ਵਜ੍ਹਾ ਸਾਹਮਣੇ ਆਈ ਹੈ। ਸਥਾਨਕ ਨਗਰ ਪਾਲਿਕਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵੀ ਸੋਮਵਾਰ ਤੋਂ ਅਚਾਨਕ ਮੌਤ ਦੀਆਂ ਕਈ ਕਾਲਾਂ ਆਈਆਂ ਹਨ।
ਕੈਨੇਡਾ ਦੇ ਟੂਰਿਜ਼ਮ ਵਿਭਾਗ ਨੇ ਬ੍ਰਿਟਿਸ਼ ਕੋਲੰਬੀਆ, ਅਲਰਬਟਾ ਤੇ ਸਾਸਕਾਚੇਵਾਨ, ਮੈਨੀਟੋਬਾ, ਯੂਕੋਨ ਤੇ ਉੱਤਰੀ-ਪੱਛਮੀ ਖੇਤਰਾਂ ਦੇ ਕੁਝ ਹਿੱਸਿਆਂ ਲਈ ਅਲਰਟ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਲੰਬੇ ਸਮੇਂ ਤਕ, ਖ਼ਤਰਨਾਕ ਤੇ ਗਰਮੀ ਲਹਿਰ ਇਸ ਹਫ਼ਤੇ ਤਕ ਬਰਕਰਾਰ ਰਹੇਗੀ।ਯੂਐੱਸ ਨੈਸ਼ਨਲ ਵੈਦਰ ਸਰਵਿਸ ਨੇ ਵੀ ਅਜਿਹੀ ਚਿਤਾਵਨੀ ਜਾਰੀ ਕੀਤੀ ਹੈ। ਯੂਐੱਸ ਨੈਸ਼ਨਲ ਵੈਦਰ ਸਰਵਿਸ ਨੇ ਕਿਹਾ ਕਿ ਲੋਕਾਂ ਨੂੰ ਠੰਢੀ ਜਗ੍ਹਾ ਰਹਿਣਾ ਚਾਹੀਦਾ ਹੈ, ਬਾਹਰ ਨਿਕਲਣ ਤੋਂ ਬਚੋ, ਖ਼ੂਬ ਪਾਣੀ ਪੀਓ ਤੇ ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਦੀ ਜਾਂਚ ਕਰੋ। ਏਨੀ ਗਰਮੀ ਕਾਰਨ ਸਕੂਲਾਂ ਤੇ ਕੋਵਿਡ-19 ਟੀਕਾਕਰਨ ਕੇਂਦਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਜਦਕਿ ਅਧਿਕਾਰੀਆਂ ਨੇ ਕਈ ਜਗ੍ਹਾ ਪਾਣੀ ਦੇ ਫੁਹਾਰੇ ਲਗਵਾਏ ਹਨ। ਕੈਨੇਡਾ ‘ਚ ਵਧਦੀ ਗਰਮੀ ਨੂੰ ਦੇਖਦੇ ਹੋਏ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਹਨ।
ਪੌਣ-ਪਾਣੀ ਪਰਿਵਰਤਨ ਕਾਰਨ ਰਿਕਾਰਡ ਤਾਪਮਾਨ ਲਗਾਤਾਰ ਵਧ ਰਿਹਾ ਹੈ। ਆਲਮੀ ਪੱਧਰ ‘ਤੇ 2019 ਸਭ ਤੋਂ ਗਰਮ ਦਰਜ ਕੀਤਾ ਗਿਆ ਸੀ। ਸੋਮਵਾਰ ਨੂੰ ਕੈਨੇਡਾ ਦੇ ਓਟਾਵਾ ‘ਚ ਤਾਪਮਾਨ 47.9 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੋਰਗਨ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਬ੍ਰਿਟਿਸ਼ ਦੇ ਲੋਕਾਂ ਨੇ ਹੁਣ ਤਕ ਦਾ ਸਭ ਤੋਂ ਗਰਮ ਹਫ਼ਤਾ ਦੇਖਿਆ ਹੈ। ਇਸ ਗਰਮੀ ਦੇ ਨਤੀਜੇ ਪਰਿਵਾਰਾਂ ਤੇ ਭਾਈਚਾਰਿਆਂ ਲਈ ਵਿਨਾਸ਼ਕਾਰੀ ਰਹੇ ਹਨ। ਉਨ੍ਹਾਂ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਇਸ ਬਦਲਦੇ ਮੌਸਮ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।